ਪੁਲਿਸ ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਫਿਰੋਜ਼ਪੁਰ: ਅਕਸਰ ਹੀ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਕਿ ਪੁਲਿਸ ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ (The police met with the drug traffickers) ਦੇ ਨਾਲ ਹੀ ਨਸ਼ਾ ਵਿਕ ਰਿਹਾ ਹੈ। ਗੈਂਗਸਟਰ ਦੇ ਨਾਲ ਵੀ ਇਨ੍ਹਾਂ ਦੀ ਪੂਰੀ ਮਿਲੀਭੁਗਤ ਹੁੰਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਫਿਰੋਜ਼ਪੁਰ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਚਿੱਠੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ। ਇਸ ਬਾਰੇ ਐਸ.ਪੀ.ਡੀ ਫ਼ਿਰੋਜ਼ਪੁਰ ਰਣਧੀਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੱਤਰ ਪ੍ਰਾਪਤ ਹੋਇਆ ਹੈ ਅਤੇ ਉਸ ਪੱਤਰ ਦੇ ਦੋਵੇਂ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ: ਉਨ੍ਹਾਂ ਡੀਐੱਸਪੀ ਦੀ ਪਹਿਚਣ ਜਨਤਕ ਨਾ ਕਰਦਿਆਂ ਕਿਹਾ ਕਿ ਕਿਸੇ ਡੀਐੱਸਪੀ ਪੱਧਰ ਦੇ ਅਧਿਕਾਰੀ ਵੱਲੋਂ ਪੱਤਰ ਲਿਖ ਕੇ ਬਕਾਇਦਾ ਕਈ ਪੁਲਿਸ ਮੁਲਾਜ਼ਮਾਂ ਦੇ ਨਾਮ ਨਸ਼ਰ ਕੀਤੇ ਗਏ ਹਨ, ਜਿਨ੍ਹਾਂ ਦੇ ਸਬੰਧ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਸਬੰਧ ਹਨ। ਐੱਸਪੀਡੀ ਰਣਧੀਰ ਨੇ ਕਿਹਾ ਹੈ ਕਿ ਉਹ ਹਰ ਪੱਖ ਤੋਂ ਮਾਮਲੇ ਦੀ ਪੜਤਾਲ ਕਰ ਰਹੇ ਹਨ, ਜੇਕਰ ਪੱਤਰ ਵਿੱਚ ਲਿਖੀਆਂ ਗੱਲਾਂ ਸੱਚ ਨਿਕਲੀਆਂ ਤਾਂ ਹਰ ਇੱਕ ਉਕਤ ਮੁਲਾਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਸਬੰਧ: ਦੱਸ ਦਈਏ ਫ਼ਿਰੋਜ਼ਪੁਰ ਵਿੱਚ ਡੀਜੀਪੀ ਪੰਜਾਬ ਅਤੇ ਐੱਸਐੱਸਪੀ ਫ਼ਿਰੋਜ਼ਪੁਰ ਨੂੰ ਸੰਬੋਧਿਤ ਕਰਦਾ ਇੱਕ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਡੀਐੱਸਪੀ ਸਿਟੀ ਨੇ ਐੱਸਐੱਸਪੀ ਨੂੰ ਪੱਤਰ ਲਿਖਿਆ ਕਿ ਫਿਰੋਜ਼ਪੁਰ ਦੇ ਸਦਰ ਥਾਣੇ ਦੇ ਕੁੱਝ ਮੁਲਾਜ਼ਮ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਹਨ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਦਰ ਥਾਣਾ ਜ਼ਿਆਦਾਤਰ ਸਰਹੱਦੀ ਪਿੰਡਾਂ ਨਾਲ ਜੁੜਿਆ ਹੋਇਆ ਹੈ ਅਤੇ ਇਨ੍ਹਾਂ ਪਿੰਡਾਂ ਵਿੱਚ ਨਸ਼ੇ ਦੀ ਤਸਕਰੀ ਆਮ ਗੱਲ ਹੈ।
ਮਾਮਲੇ ਦੀ ਜਾਂਚ ਜਾਰੀ: ਫਿਰੋਜ਼ਪੁਰ ਪੁਲਿਸ ਜਿੱਥੇ ਵੀ ਨਸ਼ੇ ਨੂੰ ਫੜਨ ਲਈ ਛਾਪੇਮਾਰੀ ਕਰਨ ਜਾਂਦੀ ਹੈ ਤਾਂ ਇਹ ਮੁਲਾਜ਼ਮ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਕਾਰਨ ਛਾਪੇਮਾਰੀ ਦੀ ਪਹਿਲਾਂ ਹੀ ਸੂਚਨਾ ਦੇ ਦਿੰਦੇ ਹਨ ਅਤੇ ਪੁਲਿਸ ਪਾਰਟੀ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ । ਇਸ ਲਈ ਇਨ੍ਹਾਂ ਮੁਲਾਜ਼ਮਾਂ ਦੀ ਬਦਲੀ ਕੀਤੀ ਜਾਵੇ ਤਾਂ ਹੀ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕਦਾ ਹੈ। ਪੱਤਰ ਬਾਰੇ ਜਦੋਂ ਐਸਪੀਡੀ ਰਣਧੀਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੱਤਰ ਸਾਹਮਣੇ ਜ਼ਰੂਰ ਆਇਆ ਹੈ। ਉਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿੱਚ ਜੋ ਸਾਹਮਣੇ ਆਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।