ਫਿਰੋਜ਼ਪੁਰ: ਆਏ ਦਿਨ ਹੀ ਦੇਖਣ ਨੂੰ ਮਿਲਦਾ ਹੈ ਕਿ ਸੂਬੇ ਵਿੱਚ ਨਸ਼ੇ ਨੂੰ ਲੈ ਕੇ ਕਾਰੋਬਾਰ ਵਧਦਾ ਜਾ ਰਿਹਾ ਹੈ ਚਾਹੇ ਉਹ ਕਿਸੇ ਵੀ ਤਰਾਂ ਦਾ ਨਸ਼ਾ ਕਿਉ ਨਾ ਹੋਵੇ, ਪਰ ਪੁਲਿਸ ਵੱਲੋਂ ਵੀ ਇਸ ਨਸ਼ੇ ਦੀ ਰੋਕਥਾਮ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਦੂਜੇ ਪਾਸੇ ਸੂਬੇ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਮਨਾਂ ਵਿੱਚੋਂ ਕਨੂੰਨ ਦਾ ਡਰ ਇਸ ਕਦਰ ਖਤਮ ਹੁੰਦਾ ਜਾ ਰਿਹਾ ਹੈ ਕਿ ਹੁਣ ਲੋਕ ਪੁਲਿਸ ਦਾ ਵੀ ਲਿਹਾਜ਼ ਨਹੀਂ ਕਰ ਰਹੇ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬ ਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਉੱਤੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵੱਲੋਂ ਡਾਂਗਾਂ ਅਤੇ ਗੰਡਾਸਿਆਂ ਨਾਲ ਹਮਲਾ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ ਹੈ।
ਪੁੁਲਿਸ ਪਾਰਟੀ ਉੱਤੇ ਹਮਲਾ:ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਡਿਪਾਰਟਮੈਂਟ ਦੇ ਇੰਚਾਰਜ ਦਿਲਬਾਗ ਸਿੰਘ ਵੱਲੋਂ ਦੱਸਿਆ ਗਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਪਿੰਡ ਹਲੀਮ ਵਾਲਾ ਵਿੱਚ ਪਹੁੰਚੇ ਤਾਂ ਪੱਕੀ ਇਨਫਰਮੇਸ਼ਨ ਮਿਲੀ ਕਿ ਪਿੰਡ ਦਾ ਵਿਅਕਤੀ ਜਗੀਰ ਸਿੰਘ ਜੋ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਕਰਦਾ ਹੈ ਤਾਂ ਇਸ ਗੁਪਤ ਸੂਚਨਾ ਦੇ ਅਧਾਰ ਉੱਤੇ ਪੁਲਿਸ ਪਾਰਟੀ ਵੱਲੋਂ ਉਸ ਦੇ ਘਰ ਉੱਤੇ ਰੇਡ ਕੀਤੀ ਗਈ। ਇਸਪੈਕਟਰ ਮੁਤਾਬਿਕ ਜਦੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਜਗੀਰ ਸਿੰਘ ਦੇ ਘਰ ਰੇਡ ਕਰਨ ਪੁੱਜੇ ਤਾਂ ਅੱਗੋਂ ਦੀ ਪਿੰਡ ਵਾਲਿਆਂ ਵੱਲੋਂ ਐਕਸਾਈਜ਼ ਵਿਭਾਗ ਉੱਤੇ ਹਮਲਾ ਕਰ ਦਿੱਤਾ ਗਿਆ। ਪੁਲਿਸ ਮੁਤਾਬਿਕ ਸ਼ਰਾਬ ਤਸਕਰਾਂ ਨੇ ਐਕਸਾਈਜ਼ ਵਿਭਾਗ ਦੀ ਟੀਮ ਉੱਤੇ ਡਾਂਗਾਂ-ਗੰਡਾਸਿਆਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਇਥੋਂ ਤੱਕ ਕਿ ਪੁਲਿਸ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਉੱਤੇ ਹੋਰ ਪੁਲਿਸ ਬੁਲਾ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਫਿਰੋਜ਼ਪੁਰ ਦੇ ਥਾਣਾ ਸਦਰ ਵਿੱਚ ਲਿਆਂਦਾ ਗਿਆ ਹੈ। ਜਿਥੇ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।