ਫਿਰੋਜ਼ਪੁਰ:ਨਗਰ ਕੌਂਸਲ ਫਿਰੋਜ਼ਪੁਰ ਦੇ ਦਫ਼ਤਰ 'ਚ ਨਕਸ਼ਾ ਪਾਸ ਕਰਨ ਨੂੰ ਲੈ ਕੇ ਜੇਈ ਤੇ ਸਰਕਾਰੀ ਆਰਕੇਟੈਕਟ ਵਿਚਾਲੇ ਝਗੜਾ ਤੇ ਕੁੱਟਮਾਰ ਹੋ ਗਈ। ਸਰਕਾਰੀ ਆਰਕੇਟੈਕਟ ਨੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਉਸ ਦੇ ਨਕਸ਼ੇ ਨਾ ਪਾਸ ਕੀਤੇ ਜਾਣ ਦੇ ਦੋਸ਼ ਲਾਏ। ਜਦੋਂ ਕਿ ਦੂਜੇ ਪਾਸੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਕਤ ਸਰਕਾਰੀ ਆਰਕੇਟੈਕਟ ਉੱਤੇ ਗਾਲੀ ਗਲੌਚ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ।
ਇਸ ਮਾਮਲੇ ਬਾਰੇ ਦੱਸਦੇ ਹੋਏ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਆਰਕੇਟੈਕਟ ਕੁੱਝ ਸਮਾਂ ਪਹਿਲਾਂ ਦਫ਼ਤਰ 'ਚ ਆਇਆ ਤੇ ਫੇਰ ਚਲਾ ਗਿਆ। ਕੁੱਝ ਸਮੇਂ ਮਗਰੋਂ ਉਹ ਆਪਣੇ ਕਈ ਸਾਥੀਆਂ ਨੂੰ ਨਾਲ ਲੈ ਕੇ ਆਇਆ ਤੇ ਉਸ ਨੇ ਈਓ ਅਧਿਕਾਰੀ ਤੇ ਜੇਈ ਅਧਿਕਾਰੀ ਲਵਪ੍ਰੀਤ ਸਿੰਘ ਨਾਲ ਲੜਾਈ ਝਗੜਾ ਕੀਤਾ। ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਗਾਲੀ ਗਲੌਚ ਕੀਤਾ। ਇਸ ਦੌਰਾਨ ਉਕਤ ਆਰਕੇਟੈਕਟ ਨੇ ਆਪਣੇ ਸਾਥੀਆਂ ਨਾਲ ਕੁੱਟਮਾਰ ਵੀ ਕੀਤੀ , ਪਰ ਮੁਲਾਜ਼ਮਾਂ ਦੇ ਵਿਚਾਲੇ ਆਉਣ ਨਾਲ ਇਹ ਝਗੜਾ ਖ਼ਤਮ ਹੋ ਗਿਆ ਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਝਗੜਾ ਸ਼ਾਂਤ ਕਰਵਾਇਆ ਗਿਆ
ਜੇਈ ਤੇ ਸਰਕਾਰੀ ਆਰਕੇਟੈਕਟ ਵਿਚਾਲੇ ਝਗੜਾ ਇਸ ਬਾਰੇ ਦੱਸਦੇ ਹੋਏ ਜੇਈ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਗੌਰਵ ਸੋਨੀ ਇੱਕ ਸਰਕਾਰੀ ਆਰਕੀਟੈਕਟ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਬੀਤੇ ਕਈ ਦਫ਼ਤਰ ਬੰਦ ਰਹੇ, ਜਿਸ ਕਾਰਨ ਜ਼ਿਆਦਾ ਕੰਮ ਪੈਂਡਿੰਗ ਹੋ ਗਏ। ਉਨ੍ਹਾਂ ਕਿਹਾ ਕਿ ਉੁਂਝ ਤਾਂ ਨਕਸ਼ੇ ਜਲਦੀ ਹੀ ਤਿਆਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੌਂਡ ਦੇ ਮੁਤਾਬਕ ਹੀ ਨਕਸ਼ੇ ਆਪਣੇ ਨਿਰਧਾਰਤ ਸਮੇਂ ਸਿਰ ਕੱਢੇ ਜਾਂਦੇ ਹਨ। ਅਚਾਨਕ ਇੱਕ ਨਕਸ਼ੇ ਨੂੰ ਪਾਸ ਕਰਨ ਸਬੰਧੀ ਗੌਰਵ ਉਨ੍ਹਾਂ ਤੋਂ ਜਾਣਕਾਰੀ ਹਾਸਲ ਕਰਨ ਆਇਆ ਸੀ। ਇਸ ਦੌਰਾਨ ਉਸ ਨੇ ਈਓ, ਦਫਤਰ ਦੇ ਮੁਲਾਜ਼ਮਾਂ ਅਤੇ ਉਨ੍ਹਾਂ ਨਾਲ ਗਾਲੀ ਗਲੌਚ ਕੀਤਾ ਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰੀ ਆਰਕੀਟੈਕਟ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਉਨ੍ਹਾਂ ਸਮੇਂ ਸਿਰ ਨਕਸ਼ਾ ਪਾਸ ਨਾ ਕਰਨ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬੀਤੇ ਇੱਕ ਸਾਲ 'ਚ ਆਰਕੀਟੈਕਟ ਗੌਰਵ ਦੇ ਨਕਸ਼ੇ ਸਭ ਤੋਂ ਜ਼ਿਆਦਾ ਪਾਸ ਕੀਤੇ ਗਏ ਹਨ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਮਨੋਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਜੇਈ ਵੱਲੋੇਂ ਲਿੱਖਤੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਆਰਕੀਟੈਕਟ ਤੇ ਜੇਈ ਵਿਚਾਲੇ ਨਕਸ਼ਾ ਪਾਸ ਕਰਨ ਨੂੰ ਲੈ ਕੇ ਝਗੜਾ ਹੋਇਆ ਹੈ। ਉਨ੍ਹਾਂ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਹੀ ਧਿਰਾਂ ਨੇ ਇੱਕ ਦੂਜੇ ਉੱਤੇ ਗਾਲੀ ਗਲੌਚ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਪੂਰੀ ਹੋਣ ਮਗਰੋਂ ਹੀ ਦੋਹਾਂ ਵਿਚਾਲੇ ਇਸ ਝਗੜੇ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।