ਚੰਡੀਗੜ੍ਹ (Saragarhi Day 2023): ਫ਼ਿਰੋਜ਼ਪੁਰ ਛਾਉਣੀ ਸਥਿਤ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਉੱਤੇ ਪੁੱਜੇ। ਇਸ ਦੌਰਾਨ ਮੁੱਖ ਮੰਤਰੀ ਨੇ ਸਾਰਾਗੜ੍ਹੀ ਜੰਗ ਦੇ 21 ਮਹਾਨ ਸ਼ਹੀਦਾਂ ਦੀ ਯਾਦ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸਾਰਾਗੜ੍ਹੀ ਵਾਰ ਮੈਮੋਰੀਅਲ (Saragarhi War Memorial) ਦਾ ਨੀਂਹ ਪੱਥਰ ਰੱਖਿਆ। ਦੱਸ ਦਈਏ ਇਸ ਸੂਬਾ ਪੱਧਰੀ ਸਮਾਗਮ ਵਿੱਚ ਵੱਡੀ ਗਿਣਤੀ ਅੰਦਰ ਲੋਕ ਪਹੁੰਚ ਹੋਏ ਹਨ।
ਕੁਰਬਾਨੀ ਲਈ ਸੂਬਾ ਸਰਕਾਰ ਵੱਲੋਂ ਸਿਜਦਾ: ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ x ਰਾਹੀਂ ਵੀ ਮਹਾਨ ਸ਼ਹੀਦਾਂ ਨੂੰ ਸਿਜਦਾ ਕੀਤਾ ਹੈ। ਸੋਸ਼ਲ ਮੀਡੀਆ ਪੋਸਟ ਉੱਤੇ ਲਿਖਿਆ ਗਿਆ ਕਿ ਪੰਜਾਬ ਸਰਕਾਰ ਸਾਰਾਗੜ੍ਹੀ ਯੁੱਧ ਦੀ 126ਵੀਂ ਵਰ੍ਹੇਗੰਢ ਮੌਕੇ 36 ਸਿੱਖ ਬਟਾਲੀਅਨ ਦੇ ਮਹਾਨ ਯੋਧਿਆਂ ਨੂੰ ਉਹਨਾਂ ਦੀ ਵਿਲੱਖਣ ਬਹਾਦਰੀ ਅਤੇ ਕੁਰਬਾਨੀ ਲਈ ਪ੍ਰਣਾਮ ਕਰਦੀ ਹੈ।
ਦੁਨੀਆਂ ਦੀ ਮਹਾਨ ਜੰਗਾਂ 'ਚ ਸ਼ਮੂਲੀਅਤ: ਦੱਸ ਦਈਏ ਸਾਰਾਗੜ੍ਹੀ ਦੀ ਜੰਗ ਨੂੰ ਦੁਨੀਆਂ ਦੀਆਂ ਮਹਾਨ ਲੜਾਈਆਂ ਵਿੱਚ ਗਿਣਿਆ ਜਾਂਦਾ ਹੈ। ਇਸ ਜੰਗ ਵਿੱਚ ਸਿੱਖ ਰੈਜੀਮੈਂਟ ਦੇ 21 ਸਿਪਾਹੀਆਂ ਨੇ 10,000 ਅਫਗਾਨਾਂ ਦੀ ਫੌਜ ਨਾਲ ਟੱਕਰ ਲਈ ਅਤੇ ਉਨ੍ਹਾਂ ਨੇ ਲਗਭਗ 600 ਅਫਗਾਨਾਂ ਨੂੰ ਮਾਰ ਕੇ ਖੁੱਦ ਸ਼ਹੀਦੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬ੍ਰਿਟਿਸ਼ ਪਾਰਲੀਮੈਂਟ ਵਿੱਚ ਇਨ੍ਹਾਂ 21 ਨਾਇਕਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਗਿਆ। ਉਨ੍ਹਾਂ ਸਾਰਿਆਂ ਨੂੰ ਮਰਨ ਉਪਰੰਤ ਇੰਡੀਅਨ ਆਰਡਰ ਆਫ਼ ਮੈਰਿਟ ਦਿੱਤਾ ਗਿਆ, ਜੋ ਕਿ ਪਰਮਵੀਰ ਚੱਕਰ ਦੇ ਬਰਾਬਰ ਸਨਮਾਨ ਸੀ। ਜੰਗ ਵਿੱਚ ਸ਼ਹੀਦ ਹੋਏ ਸਿੱਖ ਸਿਪਾਹੀ ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਨਾਲ ਸਬੰਧਤ ਸਨ, ਜਿਸ ਦੇ ਮੱਦੇਨਜ਼ਰ ਬਰਤਾਨਵੀ ਫ਼ੌਜ ਨੇ ਦੋਵਾਂ ਥਾਵਾਂ ’ਤੇ ਯਾਦਗਾਰਾਂ ਬਣਾਈਆਂ।
ਮਹਾਨ ਸ਼ਹੀਦਾਂ ਦੇ ਨਾਮ:ਸਾਰਾਗੜ੍ਹੀ ਜੰਗ ਵਿੱਚ ਬਹਾਦਰੀ ਦੀ ਮਿਸਾਲ ਬਣਨ ਵਾਲੇ ਯੋਧਿਆਂ ਵਿੱਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖ ਰੈਜੀਮੈਂਟ ਦੇ ਨਾਇਕ ਹੌਲਦਾਰ ਈਸ਼ਰ ਸਿੰਘ, ਨਾਇਕ ਲਾਲ ਸਿੰਘ, ਨਾਇਕ ਚੰਦਾ ਸਿੰਘ, ਲਾਂਸ ਨਾਇਕ ਸੁੰਦਰ ਸਿੰਘ, ਲਾਂਸ ਨਾਇਕ ਰਾਮ ਸਿੰਘ, ਸਿਪਾਹੀ ਉੱਤਮ ਸਿੰਘ, ਸਿਪਾਹੀ ਸਾਹਿਬ ਸਿੰਘ, ਸਿਪਾਹੀ ਹੀਰਾ ਸਿੰਘ, ਸਿਪਾਹੀ ਦਇਆ, ਸਿਪਾਹੀ ਜੀਵਨ ਸਿੰਘ ਸਨ। , ਸਿਪਾਹੀ ਭੋਲਾ ਸਿੰਘ, ਕਾਂਸਟੇਬਲ ਨਰਾਇਣ ਸਿੰਘ, ਕਾਂਸਟੇਬਲ ਗੁਰਮੁਖ ਸਿੰਘ, ਕਾਂਸਟੇਬਲ ਜੀਵਨ ਸਿੰਘ, ਕਾਂਸਟੇਬਲ ਗੁਰਮੁਖ ਸਿੰਘ, ਕਾਂਸਟੇਬਲ ਰਾਮ ਸਿੰਘ, ਕਾਂਸਟੇਬਲ ਭਗਵਾਨ ਸਿੰਘ, ਕਾਂਸਟੇਬਲ ਬੂਟਾ ਸਿੰਘ, ਕਾਂਸਟੇਬਲ ਜੀਵਨ ਸਿੰਘ ਅਤੇ ਕਾਂਸਟੇਬਲ ਨੰਦ ਸਿੰਘ ਸ਼ਾਮਲ ਹਨ।