ਚੰਡੀਗੜ੍ਹ ਡੈਸਕ :ਫ਼ਿਰੋਜ਼ਪੁਰ ਵਿੱਚ ਡੀਐਸਪੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਕਾਰਵਾਈ ਐੱਸਪੀ ਦੀ ਸ਼ਿਕਾਇਤ ਉੱਤੇ ਕੀਤੀ ਗਈ ਹੈ। ਡੀਐੱਸਪੀ ਸੁਰਿੰਦਰਪਾਲ ਬਾਂਸਲ ’ਤੇ ਇੱਕ ਪ੍ਰਾਈਵੇਟ ਏਜੰਟ ਰਾਹੀਂ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਦੂਜੇ ਪਾਸੇ ਸੂਤਰਾਂ ਅਨੁਸਾਰ ਡੀਐੱਸਪੀ ਦੇ ਲੁਧਿਆਣਾ ਸਥਿਤ ਉਸਦੇ ਘਰ ਦੀ ਵੀ ਤਲਾਸ਼ੀ ਲਈ ਗਈ ਹੈ। ਇਸਦੀ ਫਿਲਹਾਲ ਪੁਸ਼ਟੀ ਨਹੀਂ ਹੋਈ ਹੈ।
ਰਿਸ਼ਵਤ ਲੈਣ ਲਈ ਰੱਖਿਆ ਵਿਅਕਤੀ :ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਦੇ ਐੱਸਪੀ ਰਣਧੀਰ ਕੁਮਾਰ ਨੇ ਡੀਐੱਸਪੀ ਖ਼ਿਲਾਫ਼ ਇਲਜਾਮ ਲਗਾਇਆ ਕਿ ਡੀਐੱਸਪੀ ਨੇ ਰਿਸ਼ਵਤ ਲਈ ਗੁਰਮੇਜ ਸਿੰਘ ਨੂੰ ਨਾਜਾਇਜ਼ ਤੌਰ ਉੱਤੇ ਆਪਣੇ ਨਾਲ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਡੀਐੱਸਪੀ ਦੇ ਉਕਸਾਉਣ ’ਤੇ ਗੁਰਮੇਜ ਨੇ ਕੇਸ ਦਰਜ ਕਰਵਾਉਣ ਬਦਲੇ ਟਾਰਜ਼ਨ ਸ਼ਰਮਾ ਤੋਂ 15 ਹਜ਼ਾਰ ਰੁਪਏ ਉਸ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਹਨ।ਇਸ ਸ਼ਿਕਾਇਤ ਵਿੱਚ ਗੁਰਮੇਜ ਅਤੇ ਟਾਰਜ਼ਨ ਦੀ ਗੱਲਬਾਤ ਦੀ ਰਿਕਾਰਡਿੰਗ ਹੋਈ ਹੈ।
ਖਾਤੇ ਵਿੱਚ ਪੈਸੇ ਕੀਤੇ ਟ੍ਰਾਂਸਫਰ : ਐੱਸਪੀ ਨੇ ਦੱਸਿਆ ਹੈ ਕਿ ਗੁਰਮੇਜ ਨੇ ਇਸ ਸਾਲ ਡੀਐੱਸਪੀ ਬਾਂਸਲ ਦੇ ਖਾਤੇ ਵਿੱਚ 5 ਲੱਖ ਰੁਪਏ ਟਰਾਂਸਫਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਖਾਤੇ ਵਿੱਚ ਪੈਸੇ ਪਾਏ ਹਨ ਉਹ ਖਾਤਾ ਡੀਐੱਸਪੀ ਦੇ ਮੋਬਾਇਲ ਨੰਬਰ ਨਾਲ ਲਿੰਕ ਹੈ। ਗੁਰਮੇਜ ਨੇ ਪ੍ਰਦੀਪ ਦੇ ਖਾਤੇ ਵਿਚ 3.5 ਲੱਖ ਰੁਪਏ ਨਕਦ ਜਮ੍ਹਾ ਕਰਵਾ ਦਿੱਤੇ ਹਨ। ਕਰੀਬ 3 ਲੱਖ ਰੁਪਏ ਡੀਐਸਪੀ ਦੇ ਨਜ਼ਦੀਕੀ ਲਲਨ ਕੁਮਾਰ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ।
ਇਹ ਵੀ ਯਾਦ ਰਹੇ ਕਿ ਡੀਐਸਪੀ ’ਤੇ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਨ ਅਤੇ ਆਪਣੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਬਲੈਕਮੇਲ ਕਰਕੇ ਪੈਸੇ ਲੈਣ ਦਾ ਇਲਜਾਮ ਹੈ। ਦੂਜੇ ਪਾਸੇ ਫ਼ਿਰੋਜ਼ਪੁਰ ਪੁਲਿਸ ਨੇ ਫ਼ਿਰੋਜ਼ਪੁਰ ਸ਼ਹਿਰ 'ਚ ਤੈਨਾਤ ਡੀਐੱਸਪੀ ਸੁਰਿੰਦਰ ਬਾਂਸਲ ਨੂੰ ਗ੍ਰਿਫਤਾਰ ਕਰ ਲਿਆ ਹੈ। ਐਮਸੀ ਦੀ ਹਾਜ਼ਰੀ 'ਚ ਉਨ੍ਹਾਂ ਦੇ ਸਰਕਾਰੀ ਕੁਆਰਟਰ ਦੀ ਤਲਾਸ਼ੀ ਲਈ ਗਈ ਹੈ। ਦੱਸ ਦੇਈਏ ਕਿ ਇਹ ਉਹੀ ਡੀਐੱਸਪੀ ਹੈ, ਜਿਸ ਨੇ ਕੁਝ ਮਹੀਨੇ ਪਹਿਲਾਂ ਪੁਲਿਸ ਮੁਲਾਜ਼ਮਾਂ ਖਿਲਾਫ ਪੱਤਰ ਲਿਖ ਕੇ ਐੱਸਐੱਚਓਜ਼ ਅਤੇ ਪੁਲਿਸ ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੀ ਗੱਲ ਕਹੀ ਸੀ।