ਫਿਰੋਜ਼ਪੁਰ :ਦਸੰਬਰ 2017 ਵਿਚ ਪੰਚਾਇਤੀ ਚੋਣਾਂ ਦੌਰਾਨ ਜ਼ੀਰਾ ਦੇ ਕਸਬਾ ਮੱਲਾਂਵਾਲਾ ਵਿਖੇ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਨਾਜਾਇਜ਼ ਤੌਰ ਉਤੇ ਖਾਰਜ ਕਰ ਦਿੱਤੀਆਂ ਗਈਆਂ ਸਨ, ਜਿਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਹਰੀਕੇ ਪੱਤਣ ਪੁਲ਼ ਨੂੰ ਜਾਮ ਕਰ ਕੇ ਧਰਨਾ ਦਿੱਤਾ ਗਿਆ ਸੀ ਅਤੇ 8 ਦਿਸੰਬਰ 2017 ਨੂੰ ਸੁਖਬੀਰ ਸਿੰਘ ਬਾਦਲ, ਬਿਕਰਮ ਜੀਤ ਸਿੰਘ ਮਜੀਠੀਆ ਸਮੇਤ 49 ਲੋਕਾਂ ਉਤੇ ਪਰਚਾ ਦਰਜ ਕੀਤਾ ਗਿਆ ਸੀ, ਉਸੇ ਕੇਸ ਸਬੰਧੀ ਅੱਜ ਤਰੀਕ ਸੀ ਅਤੇ ਪਰਚੇ ਵਿਚ ਨਾਮਜ਼ਦ ਸਮੂਹ ਅਕਾਲੀ ਆਗੂਆਂ ਵਲੋਂ ਹਾਜ਼ਰੀ ਭਰੀ ਗਈ, ਪਰ ਅਕਾਲੀ ਲੀਡਰ ਸੁਖਵੰਤ ਸਿੰਘ ਥੇਹ ਕਲੰਦਰ ਦੀ ਸਿਹਤ ਖਰਾਬ ਹੋਣ ਕਾਰਨ ਹਾਜ਼ਰੀ ਮੁਆਫ ਹੋਈ। ਇਸ ਕੇਸ ਸਬੰਧੀ ਅਗਲੀ ਤਰੀਕ 7 ਜੁਲਾਈ 2023 ਦਿੱਤੀ ਗਈ ਹੈ।
ਸੂਬੇ ਦੀ ਕਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ :ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੂਬੇ ਦੀ ਕਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਕਰੋੜਾਂ ਦੀਆਂ ਡਕੈਤੀਆਂ ਹੋ ਰਹੀਆਂ ਹਨ, ਪਰ ਸਰਕਾਰ ਸੁੱਤੀ ਪਈ ਹੈ। ਪੈਟਰੋਲੀਅਮ ਰੇਟਾਂ ਵਿੱਚ ਵਾਧਾ ਆਮ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਮਹਿੰਗਾ ਹੋਣ ਨਾਲ ਹਰ ਇਕ ਚੀਜ਼ ਦੇ ਭਾਅ ਵਿੱਚ ਫਰਕ ਆਵੇਗੀ। ਇਸ ਤਰ੍ਹਾਂ ਆਮ ਤੇ ਗਰੀਬ ਲੋਕਾਂ ਦੀਆਂ ਪਰੇਸ਼ਾਨੀਆਂ ਵਧਾਈਆਂ ਜਾ ਰਹੀਆਂ ਹਨ।