ਫਿਰੋਜ਼ਪੁਰ: ਪਿੰਡ ਹੁਸੈਨ ਸ਼ਾਹ ਵਾਲਾ ਦੀ ਮਹਿਲਾ ਸਰਪੰਚ ਨੇ ਪਿੰਡ ਦੇ ਪ੍ਰਾਈਮਰੀ ਸਕੂਲ ਦੇ ਅਧਿਆਪਕ 'ਤੇ ਕੁੱਟਮਾਰ ਦੇ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ। ਜਦਕਿ ਦੂਜੇ ਪਾਸੇ ਅਧਿਆਪਕ ਨੇ ਦੋਸ਼ਾਂ ਨੂੰ ਨਕਾਰਦਿਆਂ ਸਕੂਲ 'ਚ ਲੱਗੇ ਕੈਮਰਿਆਂ ਦੀ ਸੀਸੀਟੀਵੀ ਦਿਖਾਉਂਦਿਆਂ ਕਿਹਾ ਕਿ ਉਕਤ ਮਹਿਲਾ ਅਤੇ ਉਸਦੇ ਦਿਓਰ ਨੇ ਸਕੂਲ 'ਚ ਆ ਕੇ ਹੰਗਾਮਾ ਕਰਦਿਆਂ ਮੇਰੀ ਕੁੱਟਮਾਰ ਕੀਤੀ ਹੈ।
ਮਹਿਲਾ ਸਰਪੰਚ ਹਰਭਜਨ ਕੌਰ ਨੇ ਦੱਸਿਆ ਕਿ ਉਹ ਪਿੰਡ ਹੁਸੈਨ ਸ਼ਾਹ ਦੀ ਸਰਪੰਚ ਹੈ ਅਤੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਚੇਅਰਮੈਨ ਹੈ। ਉਹਨਾਂ ਦੱਸਿਆ ਕਿ ਸਕੂਲ ਦੇ ਕਾਰਜ ਵਿਕਾਸ ਸਬੰਧੀ ਦੇਣ ਦਾਰੀਆਂ ਨੂੰ ਲੈਕੇ ਸਕੂਲ 'ਚ ਇਕ ਮੀਟਿੰਗ ਰੱਖੀ ਗਈ ਸੀ। ਇਸ ਦੌਰਾਨ ਸਕੂਲ ਦੇ ਅਧਿਆਪਕ ਕੁਲਦੀਪ ਸਿੰਘ ਨੇ ਉਸ ਕੋਲੋਂ ਕਾਰਵਾਈ ਰਜਿਸਟਰ ਖੋਹ ਲਿਆ ਅਤੇ ਚੰਗਾ ਮੰਦਾ ਬੋਲਣ ਲੱਗ ਪਿਆ ਅਤੇ ਉਸਦੀ ਕੁੱਟਮਾਰ ਕੀਤੀ।
ਮਹਿਲਾ ਦੇ ਦਿਓਰ ਜਸਵੰਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮੁਲਜ਼ਮ ਅਧਿਆਪਕ 'ਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ।
ਦੂਜੇ ਪਾਸੇ ਸਕੂਲ ਦੇ ਅਧਿਆਪਕ ਕੁਲਦੀਪ ਸਿੰਘ ਨੇ ਪ੍ਰੈਸ ਅੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਮਹਿਲਾ ਜੋ ਕਿ ਪਿੰਡ ਦੀ ਸਰਪੰਚ ਹੈ ,ਅਤੇ ਉਸਦੇ ਦਿਓਰ ਜਸਵੰਤ ਸਿੰਘ ਨੇ ਸਕੂਲ 'ਚ ਆ ਕੇ ਮੇਰੀ ਕੁੱਟਮਾਰ ਕੀਤੀ। ਜਿਸ ਦੀ ਸਕੂਲ 'ਚ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਉਹਨਾਂ ਕੋਲ ਹੈ।