ਫ਼ਿਰੋਜ਼ਪੁਰ: ਜ਼ਿਲ੍ਹੇ ਵਿੱਚ ਕੋਰੋਨਾ ਤੋਂ ਪੀੜਤ ਮਰੀਜ਼ ਨੇ ਕੋਰੋਨਾ 'ਤੇ ਜਿੱਤ ਹਾਸਲ ਕਰ ਲਈ ਹੈ। ਕੋਰੋਨਾ ਕਾਰਨ ਮੌਤ ਹੱਥੋਂ ਜੰਗ ਹਾਰਨ ਵਾਲੇ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦੇ ਡਰਾਇਵਰ ਪਰਮਜੋਤ ਸਿੰਘ ਦੀਆਂ ਕੋਰੋਨਾ ਰਿਪੋਰਟਾਂ ਨੈਗੇਟਿਵ ਆਈਆਂ ਹਨ। ਪਰਮਜੋਤ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕੋਈ ਹੋਰ ਕੋਰੋਨਾ ਤੋਂ ਪੀੜਤ ਮਰੀਜ਼ ਨਹੀਂ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸਮੇਤ ਪ੍ਰਸ਼ਾਸਨ ਨੇ ਪਰਮਜੋਤ ਨੂੰ ਫੁੱਲ ਭੇਟ ਕਰਕੇ ਹਸਪਾਤਲ ਤੋਂ ਛੁੱਟੀ ਦਿੱਤੀ।
ਏਸੀਪੀ ਕੋਹਲੀ ਦੇ ਡਰਾਇਵਰ ਨੇ ਕੋਰੋਨਾ ਨੂੰ ਦਿੱਤੀ ਮਾਤ, ਰਿਪੋਰਟ ਆਈ ਨੈਗੇਟਿਵ ਪਰਮਜੋਤ ਨੇ ਦੱਸਿਆ ਕਿ ਉਸ ਨੂੰ ਇਲਾਜ ਦੌਰਾਨ ਹਰ ਸਹੂਲਤ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਡਾਕਟਰਾਂ ਨੇ ਉਸ ਦੀ ਪੂਰਨ ਰੂਪ ਵਿੱਚ ਦੇਖਭਾਲ ਕੀਤੀ ਹੈ। ਇਸ ਲਈ ਪਰਮਜੋਤ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪਰਮਜੋਤ ਦੇ ਠੀਕ ਹੋਣ 'ਤੇ ਉਸ ਨੂੰ ਵਧਾਈਆਂ ਦਿੱਤੀਆਂ ਅਤੇ ਫੁੱਲ ਭੇਟ ਕਰਕੇ ਹੌਸਲਾ ਵਧਾਇਆ। ਉਨ੍ਹਾਂ ਦੱਸਿਆ ਕਿ ਪਰਮਜੋਤ ਕੋਰੋਨਾ ਨੂੰ ਮਾਤ ਦੇ ਚੁੱਕਿਆ ਹੈ। ਡੀਸੀ ਨੇ ਦੱਸਿਆ ਕਿ ਪਰਮਜੋਤ ਦੀਆਂ ਦੋ ਕੋਰੋਨਾ ਵਾਇਰਸ ਦੇ ਟੈਸਟਾਂ ਦੀ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ, ਜਿਸ ਨਾਲ ਇਹ ਪੁਸ਼ਟੀ ਹੋ ਚੁੱਕੀ ਹੈ ਕਿ ਪਰਮਜੋਤ ਹੁਣ ਕੋਰੋਨਾ ਤੋਂ ਮੁਕਤ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਾਲ ਹੀ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਹੁਣ ਕੋਰੋਨਾ ਤੋਂ ਪੀੜਤ ਕੋਈ ਵੀ ਮਰੀਜ਼ ਨਹੀਂ ਹੈ। ਇਸੇ ਨਾਲ ਹੀ ਫ਼ਿਰੋਜ਼ਪੁਰ ਜ਼ਿਲ੍ਹਾ ਹੁਣ ਕੋਰੋਨਾ ਤੋਂ ਮੁਕਤ ਹੋ ਚੁੱਕਿਆ ਹੈ। ਉਨ੍ਹਾਂ ਪਰਮਜੋਤ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।