ਫਿਰੋਜ਼ਪੁਰ :ਪੰਜਾਬ ਵਿੱਚ ਨਸ਼ਾ ਕਿਸ ਤਰ੍ਹਾਂ ਖਤਮ ਹੋਵੇਗਾ, ਇਹ ਸਵਾਲ ਹਰ ਇਕ ਨੌਜਵਾਨ ਦੇ ਪਰਿਵਾਰ ਵੱਲੋਂ ਪੁਛਿਆ ਜਾਂਦਾ ਹੈ । ਹਾਲਾਂਤਿ ਪੁਲਿਸ ਪ੍ਰਸ਼ਾਸਨ ਤੇ ਸਮੇਂ ਸਰਕਾਰਾਂ ਦੇ ਮੰਤਰੀਆਂ ਵੱਲੋਂ ਇਹ ਦਾਅਵਾ ਹਰ ਵਾਰ ਕੀਤਾ ਜਾਂਦਾ ਹੈ ਕਿ ਪੰਜਾਬ ਵਿਚੋਂ ਜੜ੍ਹੋਂ ਖਤਮ ਕੀਤਾ ਜਾਵੇਗਾ, ਪਰ ਜਦੋਂ ਇਸੇ ਨਸ਼ੇ ਕਾਰਨ ਕਿਸੇ ਦੇ ਘਰ ਦਾ ਚਿਰਾਗ਼ ਬੁਝਦਾ ਹੈ ਤਾਂ ਇਹ ਵਾਅਦੇ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ। ਫਿਰੋਜ਼ਪੁਰ ਵਿੱਚ ਵੀ ਆਲਮ ਕੁਝ ਇਸੇ ਤਰ੍ਹਾਂ ਦਾ ਹੀ ਹੈ। ਇਥੇ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਬੇਸ਼ੱਕ ਪੁਲਿਸ ਵੱਲੋਂ ਨਸ਼ੇ ਉਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਨਸ਼ਾ ਅੱਜ ਵੀ ਧੜੱਲੇ ਨਾਲ ਵਿਕਦਾ ਨਜ਼ਰ ਆ ਰਿਹਾ ਹੈ, ਜਿਸਦੀ ਤਾਜ਼ਾ ਉਦਾਹਰਣ ਫਿਰੋਜ਼ਪੁਰ ਦੀ ਬਸਤੀ ਗੋਲਬਾਗ ਵਿੱਚ ਦੇਖੀ ਜਾ ਸਕਦੀ ਹੈ। ਜਿਥੇ ਨਸ਼ੇ ਨੇ ਇੱਕ ਹੋਰ ਘਰ ਉਜਾੜ ਕੇ ਰੱਖ ਦਿੱਤਾ ਹੈ।
ਪਿਛਲੇ ਲੰਮੇ ਸਮੇਂ ਤੋਂ ਨਸ਼ੇ ਕਰਨ ਦਾ ਸੀ ਆਦੀ :ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਕਿੰਦਰ ਨੇ ਦੱਸਿਆ ਕਿ ਉਸਦਾ ਪੁੱਤਰ ਸ਼ੇਰ ਸਿੰਘ ਉਮਰ ਕਰੀਬ 28 ਸਾਲ, ਜੋ ਨਸ਼ੇ ਕਰਨ ਦਾ ਆਦੀ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਦਾ ਆ ਰਿਹਾ ਸੀ। ਜੋ ਨਸ਼ੇ ਦੇ ਟੀਕੇ ਵੀ ਲਗਾਉਂਦਾ ਸੀ। ਜਿਸਦੀ ਸਿਹਤ ਵਿਗੜਨ ਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਪਰ ਇਥੇ ਉਸਦੀ ਮੌਤ ਹੋ ਗਈ ਹੈ।