ਫਿਰੋਜ਼ਪੁਰ: ਪਿਛਲੇ ਕਈ ਦਿਨਾਂ ਤੋਂ ਜ਼ੀਰਾ ਦੇ ਪਿੰਡ ਮਨਸੂਰਵਾਲ ਵਿਖੇ ਸ਼ਰਾਬ ਫੈਕਟਰੀ ਦੇ ਖ਼ਿਲਾਫ਼ ਧਰਨੇ ਵਿੱਚ ਇਕ ਨਵਾਂ ਮੋੜ ਆਇਆ ਜਦੋਂ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਫੈਕਟਰੀ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਗਿਆ ਕਿ ਧਰਨਾ ਫੈਕਟਰੀ ਤੋਂ ਤਿੰਨ ਸੌ ਮੀਟਰ ਦੂਰ ਲਗਾਇਆ ਜਾਵੇ ਅਤੇ ਫੈਕਟਰੀ ਨੂੰ ਚੱਲਣ ਤੋਂ ਨਹੀਂ ਰੋਕਿਆ ਜਾ ਸਕਦਾ ਪਰ ਪ੍ਰਸ਼ਾਸਨ ਦੁਆਰਾ ਫੈਸਲੇ ਦੀ ਕਾਪੀ ਧਰਨਾਕਾਰੀਆਂ ਨੂੰ ਦੇਣ ਦੇ ਬਾਵਜੂਦ ਵੀ ਧਰਨਾਕਾਰੀ ਆਪਣੀ ਆਪਣੀ ਜ਼ਿੱਦ ’ਤੇ ਅੜਿੱਗ ਹਨ ਕਿ ਧਰਨਾ ਉਹ ਉੱਥੇ ਹੀ ਲਗਾਉਣਗੇ ਅਤੇ ਫੈਕਟਰੀ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ।
ਇਸ ਨੂੰ ਲੈ ਕੇ ਜਦੋਂ ਐਸਡੀਐਮ ਰਣਜੀਤ ਸਿੰਘ ਭੁੱਲਰ ਫਿਰੋਜ਼ਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋ ਧਰਨਾ ਸ਼ਰਾਬ ਫੈਕਟਰੀ ਦੇ ਬਾਹਰ ਲਗਾਇਆ ਗਿਆ ਉਸ ਖਿਲਾਫ਼ ਫੈਕਟਰੀ ਮਾਲਕਾਂ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਸੀ ਤੇ ਐੱਸਐੱਸਪੀ ਨੂੰ ਪਾਰਟੀ ਬਣਾਇਆ ਗਿਆ ਸੀ।
ਇਸ ਮੌਕੇ ਡੀਐੱਸਪੀ ਜ਼ੀਰਾ ਪਲਵਿੰਦਰ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਧਰਨਾਕਾਰੀਆਂ ਨੂੰ ਜੋ ਹਾਈ ਕੋਰਟ ਦੇ ਆਰਡਰ ਦਿੱਤੇ ਗਏ ਹਨ ਉਹ ਉਨ੍ਹਾਂ ਦੀ ਸਟੇਜ ’ਤੇ ਉਨ੍ਹਾਂ ਨੂੰ ਦੇ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਹਾਈ ਕੋਰਟ ਦੇ ਆਰਡਰ ਹਨ ਉਸ ਤੇ ਅਮਲ ਜ਼ਰੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਅਮਲ ਨਹੀਂ ਕਰਨਗੇ ਤਾਂ ਸਾਡੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।