ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ ਸੂਬੇ ਦੀ ਕਈ ਜ਼ਿਲ੍ਹਿਆਂ ਦੇ ਵਿਕਾਸ ਕੰਮ ਸ਼ੁਰੂ ਕੀਤੇ ਗਏ ਹਨ। ਇਸੇ ਕੜੀ ਤਹਿਤ ਫਿਰੋਜ਼ਪੁਰ ਵਿੱਚ ਵੀ ਇਤਿਹਾਸਕ ਥਾਵਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤੇ ਨਵੇਂ ਟੂਰਿਸਟ ਸਪਾਟ ਤਿਆਰ ਕੀਤੇ ਜਾ ਰਹੇ ਹਨ।
ਇਸ ਦੇ ਲਈ ਹੁਸੈਨੀਵਾਲਾ ਬਾਰਡਰ 'ਤੇ ਸਥਿਤ ਸ਼ਹੀਦੀ ਸਮਾਰਕ ਦੇ ਵਿਕਾਸ ਲਈ ਸੂਬਾ ਸਰਕਾਰ ਵੱਲੋਂ 6.50 ਕਰੋੜ ਰੁਪਏ ਦਾ ਟੈਂਡਰ ਗੁਰਗ੍ਰਾਮ ਦੀ ਇੱਕ ਕੰਪਨੀ ਨੂੰ ਜਾਰੀ ਕੀਤੇ ਗਏ ਹਨ। ਇਥੇ ਗੈਸਟ ਹਾਊਸ, ਲਾਈਟ ਐਂਡ ਸਾਊਂਡ ਸ਼ੋਅਜ਼ ਤੇ ਰੇਸਤਰਾਂ ਆਦਿ ਖੋਲ੍ਹੇ ਜਾਣਗੇ।
ਹੁਸੈਨੀਵਾਲਾ ਬਾਰਡਰ ਵਿਖੇ ਬਣੇਗਾ ਟੂਰਿਸਟ ਸਪਾਟ ਇਥੋਂ ਦੇ ਵਿਧਾਇਕ ਪਰਮਿੰਦਰ ਸਿੰਘ ਨੇ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਹੁਸੈਨੀਵਾਲਾ ਬਾਰਡਰ ਤੋਂ ਇਲਾਵਾ ਫਿਰੋਜ਼ਪੁਰ ਛਾਉਣੀ 'ਚ ਸਥਿਤ ਇਤਿਹਾਸਕ ਸਾਰਾਗੜ੍ਹੀ ਮੈਮੋਰੀਅਲ ਦਾ ਵੀ ਨਵੀਨੀਕਰਨ ਕੀਤਾ ਜਾਵੇਗਾ।
ਇਸ ‘ਤੇ ਕਰੀਬ 1.50 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਮੈਮੋਰੀਅਲ ਕੰਪਲੈਕਸ ਵਿੱਚ ਪਾਰਕ, ਸੁਵਿਧਾ ਕੇਂਦਰ ਬਣਾਉਣ ਦੇ ਨਾਲ-ਨਾਲ ਹੈਰੀਟੇਜ਼ ਲੁੱਕ 'ਤੇ ਵੀ ਕੰਮ ਕੀਤਾ ਜਾਵੇਗਾ। ਸੁੰਦਰੀਕਰਨ ਦਾ ਕੰਮ ਪੱਟੀ ਦੀ ਕੰਪਨੀ ਮੈਸਰਜ਼ ਚੰਦਨ ਅਰਵਿੰਦਰ ਕੰਸਟ੍ਰਕਸ਼ਨ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਹਫ਼ਤਿਆਂ ਤੱਕ ਦੋਹਾਂ ਥਾਵਾਂ 'ਤੇ ਕੰਮ ਸ਼ੁਰੂ ਹੋ ਜਾਵੇਗਾ। ਅਜਿਹਾ ਫਿਰੋਜ਼ਪੁਰ ਜ਼ਿਲ੍ਹੇ 'ਚ ਟੂਰਿਜ਼ਮ ਵਧਾਉਣ ਲਈ ਕੀਤਾ ਜਾ ਰਿਹਾ ਹੈ ਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਦੋਹਾਂ ਥਾਵਾਂ 'ਤੇ ਸੁੰਦਰੀਕਰਨ ਤੇ ਨਵੀਨੀਕਰਨ ਮਗਰੋਂ ਵੱਧ ਤੋਂ ਵੱਧ ਸੈਲਾਨੀ ਆਉਣਗੇ।