ਫਿਰੋਜ਼ਪੁਰ: ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਤੇਜ਼ ਰਫਤਾਰ ਅਤੇ ਗਲਤ ਡਰਾਈਵਿੰਗ ਹੋਣ ਨਾਲ ਕਈ ਹਾਦਸੇ ਵਾਪਰ ਜਾਂਦੇ ਹਨ ਅਤੇ ਇਨ੍ਹਾਂ ਹਾਦਸਿਆਂ ਵਿੱਚ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਫਿਰੋਜ਼ਪੁਰ-ਫਾਜਿਲਕਾ ਰੋਡ ਉੱਤੇ ਦੇਖਣ ਨੂੰ ਮਿਲਿਆ ਜਿੱਥੇ ਇੱਕ ਤੁਫਾਨ ਗੱਡੀ ਜੋ ਕਿ ਵੱਖ-ਵੱਖ ਥਾਵਾਂ ਤੋਂ ਅਧਿਆਪਕਾਂ ਚੁੱਕੇ ਕੇ ਉਨ੍ਹਾਂ ਦੀ ਮੰਜ਼ਿਲ ਉੱਤੇ ਪਹੁੰਚਾਉਣ ਦਾ ਕੰਮ ਕਰਦੀ ਸੀ। ਅੱਜ ਰੋਜ਼ਾਨਾਂ ਦੀ ਤਰ੍ਹਾਂ ਜਲਾਲਾਬਾਦ ਤੋਂ ਤਰਨਤਾਰਨ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਤੂਫਾਨ ਗੱਡੀ ਜਦੋਂ ਜਲਾਲਾਬਾਦ ਤੋਂ ਖਾਈ ਫੇਮੇ ਕੇ ਨਜ਼ਦੀਕ ਪਹੁੰਚੀ ਤਾਂ ਫਿਰੋਜ਼ਪੁਰ ਤੋਂ ਫਾਜ਼ਿਲਕਾ ਨੂੰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਇਸ ਦੀ ਜ਼ਬਰਦਸਤ ਟੱਕਰ ਹੋ ਗਈ।
3 ਅਧਿਆਪਕਾਂ ਦੀ ਮੌਕੇ ਉੱਤੇ ਮੌਤ: ਇਹ ਟੱਕਰ ਇੰਨੀ ਭਿਆਨਕ ਸੀ ਤੂਫਾਨ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਗੱਡੀ ਚਕਨਾਚੂਰ ਹੋ ਗਈ। ਗੱਡੀ ਜਦੋਂ ਹਾਦਸੇ ਦਾ ਸ਼ਿਕਾਰ ਹੋਈ ਤਾਂ ਇਸ ਵਿੱਚ 15 ਦੇ ਕਰੀਬ ਅਧਿਆਪਕ ਸਵਾਰ ਸਨ ਜਿਨ੍ਹਾਂ ਵਿੱਚੋਂ 3 ਅਧਿਆਪਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਇੱਕ ਅਧਿਆਪਕ ਨੂੰ ਹਸਪਤਾਲ ਲਿਜਾਉਣ ਸਮੇਂ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬਾਕੀਆਂ ਨੂੰ ਹਸਪਤਾਲ ਵਿੱਚ ਇਲਾਜ ਭੇਜਿਆ ਗਿਆ। ਇਸ ਸਭ ਦੀ ਜਾਣਕਾਰੀ ਦਿੰਦਿਆਂ ਮੌਜੂਦਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਅਤੇ ਮੌਕੇ ਉੱਤੇ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਅਤੇ ਅਧਿਆਪਕਾਂ ਦੀ ਮੌਤ ਸਬੰਧੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਦਿੱਤੀ ਗਈ ਅਤੇ ਉਨ੍ਹਾਂ ਨੇ ਹਾਦਸੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਅ ਕੀਤਾ।