ਫ਼ਿਰੋਜ਼ਪੁਰ: ਪੰਜਾਬ ਦੇ ਸਰਹੱਦੀ ਖੇਤਰਾਂ 'ਚ ਆਏ ਦਿਨ ਪਾਕਿਸਤਾਨ ਵੱਲੋਂ ਨਸ਼ੇ ਦੀ ਖੇਪ ਤੇ ਹਥਿਆਰ ਆਦਿ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਭਾਰਤੀ ਫੌਜ ਤੇ ਸੁਰੱਖਿਆ ਬਲਾਂ ਵੱਲੋਂ ਲਗਾਤਾਰ ਪਾਕਿ ਦੀਆਂ ਨਾਪਾਕ ਹਰਕਤਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਕੜੀ 'ਚ ਸੀਆਈਏ ਤੇ ਬੀਐਸਐਫ ਨੇ ਸਾਂਝੇ ਤੌਰ ਕਾਰਵਾਈ ਦੇ ਦੌਰਾਨ ਭਾਰਤ-ਪਾਕਿ ਸਰਹੱਦ 'ਤੇ 4 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।
ਇਸ ਬਾਰੇ ਦੱਸਦੇ ਹੋਏ ਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਬੀਐਸਐਫ ਨੇ ਸਰਹੱਦੀ ਬਾੜ ਪਾਰ ਕਰਦੇ ਹੋਏ 1 ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਨਸ਼ਾ ਤਸਕਰ ਮਲਕੀਤ ਸਿੰਘ ਉਰਫ਼ ਕਾਲਾ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਪੁਲਿਸ ਨੇ ਨਸ਼ਾ ਤਸਕਰ ਨੂੰ ਅਦਾਲਤ 'ਚ ਪੇਸ਼ ਕਰ ਉਸ ਦੇ ਖਿਲਾਫ 15 ਜਨਵਰੀ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ।
ਭਾਰਤ-ਪਾਕਿ ਸਰਹੱਦ 'ਤੇ 4 ਕਿੱਲੋ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ ਮੁੱਢਲੀ ਪੁੱਛਗਿੱਛ ਦੇ ਦੌਰਾਨ ਮੁਲਜ਼ਮ ਮਲਕੀਤ ਸਿੰਘ ਨੇ ਦੱਸਿਆ ਉਸ ਦੇ ਨਾਲ ਸਰਹੱਦੀ ਪਿੰਡ ਕਾਮਲ ਵਾਲਾ ਦੇ ਦੋ ਹੋਰ ਲੋਕ ਸੋਨੂੰ ਤੇ ਗੁਰਦਾਸ ਸਿੰਘ ਵੀ ਤਸਕਰੀ ਕਰਦੇ ਹਨ। ਮਲਕੀਤ ਦੇ ਪਾਕਿਸਤਾਨ ਦੇ ਤਸਕਰਾਂ ਨਾਲ ਗਹਿਰੇ ਸਬੰਧ ਹਨ। ਪੁਲਿਸ ਨੇ ਉਸ ਦੇ ਮੋਬਾਈਲ ਤੋਂ ਪਾਕਿਸਤਾਨ ਦੇ 13 ਨਸ਼ਾ ਤਸਕਰਾਂ ਦੇ ਫੋਨ ਨੰਬਰ ਤੇ ਅਕਾਊਂਟ ਨੰਬਰ ਵੀ ਹਾਸਲ ਕੀਤੇ। ਇਸਤੋਂ ਇਲਾਵਾ ਪੁਲਿਸ ਨੇ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਫਿਰੋਜ਼ਪੁਰ 'ਚ ਬੀਐਸਐਫ ਦੀ ਫੇਸਿੰਗ ਭਾਰਤ-ਪਾਕਿ ਸਰਹੱਦ 'ਤੇ 4 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ, ਜੋ ਕਿ ਪਾਕਿ ਤਸਕਰਾਂ ਵੱਲੋਂ ਉਸ ਦੇ ਕਹਿ ਮੁਤਾਬਕ ਚਾਰ ਪੈਕਟਾਂ 'ਚ ਲੁੱਕੋ ਕੇ ਰੱਖੀ ਗਈ ਸੀ।
ਪੁਲਿਸ ਨੇ ਦੱਸਿਆ ਕਿ ਨਸ਼ਾ ਤਸਕਰੀ 'ਚ ਸ਼ਾਮਲ ਦੋ ਹੋਰ ਲੋਕ ਫ਼ਰਾਰ ਹਨ। ਪੁਲਿਸ ਵੱਲੋਂ ਹੋਰਨਾਂ ਦੋ ਮੁਲਜ਼ਮਾਂ ਦੀ ਭਾਲ ਜਾਰੀ ਹੈ। ਫਿਲਹਾਲ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।