ਫ਼ਿਰੋਜ਼ਪੁਰ: ਪੰਜਾਬ ਦੀ 15 ਸਾਲਾ ਧੀ ਅਨਮੋਲ ਬੇਰੀ ਦਾ ਸੁਪਨਾ ਅੱਜ ਪੂਰਾ ਹੋ ਗਿਆ ਹੈ। ਅਨਮੋਲ ਬੇਰੀ ਨੂੰ ਇੱਕ ਦਿਨ ਲਈ ਫ਼ਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ।
ਫ਼ਿਰੋਜ਼ਪੁਰ ਦੇ DC ਚੰਦਰ ਗੈਂਦ ਦੀ ਅਗਵਾਈ 'ਚ ਅਨਮੋਲ ਬੇਰੀ ਨੂੰ ਇੱਕ ਦਿਨ ਲਈ ਡੀਸੀ ਦੀ ਕੁਰਸੀ 'ਤੇ ਬਿਠਾਇਆ ਗਿਆ। ਇਸ ਮੌਕੇ ਡਿਪਟੀ ਕੰਮਿਸ਼ਨਰ ਦੇ ਦਫ਼ਤਰ ਵਿੱਚ ਬੈਠ ਕੇ ਸਰਕਾਰੀ ਕੰਮ ਕਾਜ ਨੂੰ ਸਮਝਦੇ ਹੋਏ ਅਨਮੋਲ ਨੇ ਸਰਕਾਰੀ ਅਫ਼ਸਰਾਂ ਨੂੰ ਆਪਣੇ ਹੁਕਮ ਵੀ ਦਿੱਤੇ। ਇਸ ਮੌਕੇ ਅਨਮੋਲ ਬੇਰੀ ਨੇ ਕਿਹਾ ਕਿ ਮੇਰੇ ਸਕੂਲ ਦੇ ਦੋਸਤਾਂ ਨੇ ਹਮੇਸ਼ਾਂ ਮੇਰਾ ਸਾਥ ਦਿੱਤਾ ਹੈ। ਅਨਮੋਲ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਮੈਂ ਆਈ.ਏ.ਐਸ ਬਣਾ।
ਅਨਮੋਲ ਨੇ ਕਿਹਾ ਕਿ ਅੱਜ ਡੀਸੀ ਦਫ਼ਤਰ ਵਿੱਚ ਬੈਠ ਕੇ ਮੈਨੂੰ ਬੜਾ ਫ਼ਕਰ ਹੋ ਰਿਹਾ ਹੈ, ਮੈਂ ਡੀਸੀ ਸਾਹਿਬ ਤੋਂ ਕਾਫ਼ੀ ਕੁੱਝ ਸਿਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਉੱਥੇ ਹੀ ਡਿਪਟੀ ਕਮਿਸ਼ਨਰ ਚੰਦਰ ਗੈਂਧ ਨੇ ਕਿਹਾ ਕਿ ਮੈਂ ਇਸ ਦੇ ਹੌਂਸਲੇ ਨੂੰ ਵੇਖਦੇ ਹੋਏ ਇਸ ਨੂੰ ਅੱਜ ਇੱਕ ਦਿਨ ਦਾ ਡੀਸੀ ਬਣਇਆ ਹੈ। ਇਸ ਕਦਮ ਨਾਲ ਦੂਜੇ ਬੱਚਿਆਂ ਦਾ ਵੀ ਹੌਂਸਲਾ ਵਧੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਮੈਂ ਆਪਣੇ ਜ਼ਿਲ੍ਹੇ ਵਿੱਚ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਦਾ ਬ੍ਰਾਂਡ ਅੰਬੈਸਡਰ ਬਣਾ ਦਿੱਤਾ ਹੈ।
ਬੀਤੇ ਦਿਨੀਂ ਇੱਕ ਸਮਾਰੋਹ ’ਚ ਅਨਮੋਲ ਸਭ ਤੋਂ ਅੱਗੇ ਬੈਠੀ ਸੀ ਤਦ ਡੀਸੀ ਨੇ ਉਸ ਤੋਂ ਪੁੱਛਿਆ ਸੀ ਕਿ ਉਹ ਕੀ ਬਣਨਾ ਚਾਹੁੰਦੀ ਹੈ, ਤਾਂ ਉਸ ਨੇ ਤੁਰੰਤ ਜਵਾਬ ਦਿੱਤਾ ਸੀ ਕਿ ਉਹ ਇੱਕ ਆਈਏਐੱਸ ਅਫ਼ਸਰ ਬਣਨਾ ਚਾਹੁੰਦੀ ਹੈ। ਅਨਮੋਲ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਸਕੂਲ ’ਚ ਹਮੇਸ਼ਾ ਅੱਵਲ ਆਉਂਦੀ ਰਹੀ ਹੈ। ਨੌਂਵੀਂ ਜਮਾਤ ਵਿੱਚ ਉਸ ਨੇ 95 ਫ਼ੀਸਦੀ ਅੰਕ ਹਾਸਲ ਕੀਤੇ ਸਨ ਤੇ 10ਵੀਂ ਜਮਾਤ ਵਿੱਚ ਵੀ ਉਸ ਦੇ ਅੰਕ 85.6 ਫ਼ੀਸਦੀ ਸਨ। ਦੱਸ ਦਈਏ ਕਿ ਅਨਮੋਲ ਬੇਰੀ ਦਾ ਕੱਦ ਸਿਰਫ਼ 2 ਫ਼ੁੱਟ 8 ਇੰਚ ਹੈ। ਉਸ ਨੂੰ ਚੱਲਣ–ਫਿਰਣ ’ਚ ਕੁਝ ਔਖ ਪੇਸ਼ ਆਉਂਦੀ ਹੈ। ਅਨਮੋਲ ਬੇਰੀ ਦਾ ਦਿੱਲੀ ਦੇ ਏਮਸ ਹਸਪਤਾਲ ’ਚ ਚਾਰ ਵਾਰ ਆਪਰੇਸ਼ਨ ਹੋ ਚੁੱਕੇ ਹਨ।