ਫ਼ਾਜ਼ਿਲਕਾ: ਟਰੱਕ ਯੂਨੀਅਨ ਨੇੜੇ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲਣ ਨਾਲ ਸ਼ਹਿਰ ਵਿੱਚ ਸਨਸਨੀ ਫੈਲ ਗਈ। ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਕੁਮਾਰ ਵੱਜੋਂ ਹੋਈ ਹੈ, ਜੋ ਪਿੰਡ ਚਾਹਲਾਂ ਦਾ ਰਹਿਣ ਵਾਲਾ ਹੈ।
ਨਸ਼ੇ ਦੀ ਓਵਰਡੋਜ਼ ਨੇ ਲਈ ਨੌਜਵਾਨ ਦੀ ਜਾਨ - overdose drug
ਫ਼ਾਜ਼ਿਲਕਾ ਵਿਖੇ ਝਾੜੀਆਂ ਵਿੱਚੋਂ ਇੱਕ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਪਿੰਡ ਚਾਹਲਾਂ ਦੇ ਇਸ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਦੱਸੀ ਜਾ ਰਹੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਪਿੱਛੋਂ ਹੀ ਪਤਾ ਲੱਗ ਸਕੇਗਾ।
ਮੌਕੇ 'ਤੇ ਪੁੱਜੇ ਮ੍ਰਿਤਕ ਸੰਦੀਪ ਕੁਮਾਰ ਦੇ ਚਾਚਾ ਗਿਆਨ ਚੰਦ ਨੇ ਦੱਸਿਆ ਕਿ ਸੰਦੀਪ ਪੁੱਤਰ ਰਮੇਸ਼ ਕੁਮਾਰ ਹਫ਼ਤੇ ਲਈ ਉਨ੍ਹਾਂ ਕੋਲ ਆਇਆ ਸੀ। ਉਸ ਨੇ ਦੱਸਿਆ ਕਿ ਸੰਦੀਪ ਦੀ ਮੌਤ ਬਾਰੇ ਨਸ਼ੇ ਦੀ ਵਾਧੂ ਖੁਰਾਕ ਦੱਸੀ ਜਾ ਰਹੀ ਹੈ। ਗਿਆਨ ਚੰਦ ਨੇ ਦੱਸਿਆ ਕਿ ਸੰਦੀਪ ਕਾਰਨ ਘਰ ਵਾਲੇ ਕਾਫੀ ਪ੍ਰੇਸ਼ਾਨ ਸਨ। ਉਸ ਨੇ ਦੱਸਿਆ ਕਿ ਸੰਦੀਪ ਦਾ ਭਰਾ ਫੌਜ ਵਿੱਚ ਹੈ। ਉਸ ਨੇ ਕਿਹਾ ਕਿ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਹੀ ਪੱਕਾ ਪਤਾ ਲੱਗੇਗਾ।
ਉਧਰ, ਇਸ ਮਾਮਲੇ ਦੀ ਜਾਂਚ ਕਰ ਰਹੇ ਫਾਜਿਲਕਾ ਥਾਣਾ ਸਿਟੀ ਦੇ ਏਐਆਈ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਰੱਕ ਯੂਨੀਅਨ ਦੇ ਕੋਲ ਝਾੜੀਆਂ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰਖਵਾਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਇਹ ਕਾਫ਼ੀ ਨਸ਼ਾ ਕਰਦਾ ਸੀ, ਜਿਸ ਦੇ ਚਲਦਿਆਂ ਨਸ਼ੇ ਦੀ ਓਵਰਡੋਜ ਨਾਲ ਇਸ ਦੀ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਪਰ ਪੋਸਟਮਾਰਟਮ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਦਾ ਅਸਲੀ ਕਾਰਨ ਕੀ ਹੈ।