ਫਾਜ਼ਿਲਕਾ: ਸੂਬੇ ਵਿੱਚ ਕਿਸਾਨਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਝੱਲਣਾ ਪੈ ਰਿਹਾ ਹੈ। ਜਿਸ ਕਾਰਨ ਕਿਸਾਨ ਖੁਦਕੁਸ਼ੀ ਕਰ ਲੈਂਦੇ ਹਨ। ਕਦੇ ਕਰਜ਼ੇ ਦੀ ਮਾਰ ਪੈਂਦੀ ਹੈ ਤੇ ਕਦੇ ਮੌਸਮ ਦੀ। ਤਾਜ਼ਾ ਮਾਮਲਾ ਬੱਲੁਆਨਾ ਹਲਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਮੀਂਹ ਨੇ ਕਿਸਾਨਾਂ ਦੀ ਦਿੱਕਤਾਂ ਵਧਾ ਦਿੱਤੀਆਂ। ਇਥੇ ਕਿਸਾਨ ਨਰਮਾ ਤੇ ਕਪਾਸ ਦੀ ਖੇਤੀ ਕਰਦੇ ਹਨ ਜਿਸ ਲਈ ਘਟ ਪਾਣੀ ਦੀ ਲੋੜ ਹੁੰਦੀ ਹੈ। ਪਰ ਇਸ ਬਾਰ ਪਏ ਮੀਂਹ ਕਾਰਨ ਹਜ਼ਾਰਾਂ ਏਕੜ ਫ਼ਸਲ ਡੁੱਬ ਗਈ। ਕਿਸਾਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ।
ਕਈ ਘਰਾਂ 'ਚ ਵੀ ਪਾਣੀ ਭਰ ਗਿਆ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਸਾਰ ਨਹੀਂ ਲਈ ਗਈ, ਜਿਸ ਦੇ ਚੱਲਦੇ ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਤੇ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਣ ਦੀ ਗੱਲ ਆਖੀ। ਚੀਮਾ ਵੱਲੋਂ ਮੁੱਖ ਮੰਤਰੀ ਪੰਜਾਬ ਤੋਂ ਕਿਸਾਨਾਂ ਨੂੰ 1 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।
ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਪੀੜਤ ਕਿਸਾਨਾਂ ਨਾਲ ਕੀਤੀ ਮੁਲਾਕਾਤ ਹਰਪਾਲ ਚੀਮਾ ਨੇ ਕਿਹਾ ਸਰਕਾਰ ਹਰ ਸਾਲ ਬਜਟ ਵਿੱਚ ਬਰਸਾਤੀ ਨਾਲੀਆਂ ਲਈ ਕਰੋੜਾਂ ਰੁਪਏ ਦਾ ਬਜਟ ਰੱਖਦੀ ਹੈ ਪਰ ਇਹ ਕਿਤੇ ਖਰਚ ਨਹੀਂ ਕੀਤਾ ਜਾਂਦਾ। ਜੇਕਰ ਬਰਸਾਤੀ ਪਾਣੀ ਦਾ ਸਿਸਟਮ ਠੀਕ ਬਣਾਇਆ ਜਾਵੇ ਤਾਂ ਅੱਜ ਇਹ ਹਾਲਾਤ ਪੈਦਾ ਨਹੀਂ ਹੁੰਦੇ। ਹਰਪਾਲ ਚੀਮਾ ਨੇ ਅਬੋਹਰ ਤੋਂ ਦੋ ਵਾਰ ਵਿਧਾਇਕ ਰਹੇ ਸੁਨੀਲ ਜਾਖੜ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਉਹ ਪੰਜਾਬ ਵਿੱਚ ਬਹੁਤ ਵੱਡੇ ਅਹੁਦੇ 'ਤੇ ਹਨ ਅਤੇ ਉਨ੍ਹਾਂ ਨੂੰ ਆਪਣੇ ਸ਼ਹਿਰ ਅਬੋਹਰ ਦੀ ਸਾਰ ਜਰੂਰ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਲੋਕਸਭਾ ਮੈਂਬਰ ਸੁਖਬੀਰ ਬਾਦਲ ਨੂੰ ਵੀ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਲਈ ਕੇਂਦਰ ਵਲੋਂ ਮਦਦ ਲੈ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਕੀਤੀ ਹੈ।
ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਬਰਸਾਤੀ ਪਾਣੀ ਨਾਲ ਉਨ੍ਹਾਂ ਦੇ ਪਿੰਡ ਦਾ ਭੈੜਾ ਹਾਲ ਹੈ। ਝੋਨਾ ਅਤੇ ਨਰਮੇ ਦੀਆਂ ਫਸਲਾਂ 5 ਫੁੱਟ ਖੜੇ ਬਰਸਾਤੀ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਚੁੱਕੀ ਹੈ। ਹਲਕਾ ਬੱਲੁਆਨਾ ਵਿਧਾਇਕ ਨੱਥੂ ਰਾਮ ਵਿਧਾਇਕ ਬਨਣ ਦੇ ਬਾਅਦ ਅੱਜ ਤੱਕ ਉਨ੍ਹਾਂ ਦਾ ਧੰਨਵਾਦ ਤੱਕ ਨਹੀਂ ਕਰਣ ਆਏ। ਉਨ੍ਹਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।