ਅਬੋਹਰ:ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਸ਼ਹਿਰ ਅਬੋਹਰ ਦੇ ਨਗਰ ਪਾਲਿਕਾ ਵਿਚ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਨਹੀਂ ਹੈ।ਸਫ਼ਾਈ ਸੇਵਕਾਂ ਨੂੰ ਤਨਖ਼ਾਹ ਨਾ ਮਿਲਣ ਉੱਤੇ ਨਗਰ ਕੌਂਸਲ ਦੇ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੇ ਮਹੀਨੇ ਦੀ ਰਹਿੰਦੀ ਬਕਾਇਆ ਤਨਖ਼ਾਹ ਦਿੱਤੀ ਜਾਵੇ।ਸਫ਼ਾਈ ਕਰਮਚਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਤਨਖ਼ਾਹ ਨਾ ਪਾਈ ਤਾਂ ਉਹ ਕੱਲ੍ਹ ਤੋਂ ਹੜਤਾਲ ਕਰਨਗੇ। ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਸਫ਼ਾਈ ਕਰਮਚਾਰੀਆਂ ਨੇ ਕਿਹਾ ਹੈ ਕਿ ਤਨਖ਼ਾਹ ਨਾ ਮਿਲਣ ਕਰਕੇ ਬੱਚਿਆਂ ਦੀਆਂ ਫ਼ੀਸਾਂ ਨਹੀਂ ਦਿੱਤੀਆਂ ਗਈਆਂ ਹਨ ਜਿਸ ਕਰਕੇ ਕਈ ਬੱਚਿਆ ਦਾ ਸਕੂਲਾਂ ਵਿਚੋਂ ਨਾਮ ਕੱਟੇ ਜਾ ਰਹੇ ਹਨ।ਉੱਥੇ ਹੀ ਦੁੱਧ ਅਤੇ ਕਰਿਆਨਾ ਵਾਲਿਆਂ ਤੋਂ ਉਧਾਰ ਲੈ ਕੇ ਘਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ ਹੈ। ਕਰਮਚਾਰੀਆਂ ਨੇ ਆਪਣੀ ਮੰਦਹਾਲੀ ਬਾਰੇ ਦੱਸਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੇ ਮਹੀਨੇ ਦੀਆਂ ਰਹਿੰਦੀਆਂ ਤਨਖ਼ਾਹਾਂ ਦਿੱਤੀਆਂ ਜਾਣ।ਕੋਰੋਨਾ ਕਾਲ ਦੇ ਦਰਮਿਆਨ ਜੇਕਰ ਸਫ਼ਾਈ ਕਰਮਚਾਰੀ ਹੜਤਾਲ ਉੱਤੇ ਚਲੇ ਜਾਂਦੇ ਹਨ ਤਾਂ ਉਸ ਨਾਲ ਇਕੱਠੀ ਹੋਣ ਵਾਲੀ ਗੰਦਗੀ ਤੋਂ ਕਈ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।