ਫਾਜ਼ਿਲਕਾ: ਜਲਾਲਾਬਾਦ ਦੇ ਵਪਾਰੀ ਸੁਮਨ ਮੁਟਨੇਜਾ ਕਤਲ ਮਾਮਲੇ 'ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਵਾਰਦਾਤ ਲਈ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ ਅਤੇ ਇੱਕ ਰਿਵਾਲਵਰ ਵੀ ਬਰਾਮਦ ਕੀਤੀ ਹੈ। ਇਸ ਤੋਂ ਬਾਅਦ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਛੀਨਾ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਜਿਸ ਵਿੱਚ ਉਨ੍ਹਾਂ ਕਈ ਖ਼ੁਲਾਸੇ ਕੀਤੇ ਹਨ।
ਆਈਜੀ ਛੀਨਾ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਵਿੱਚੋਂ ਅਮਨਦੀਪ ਉਰਫ਼ ਸਨੀ ਨਾਰੰਗ ਨਾਂਅ ਦਾ ਮੁਲਜ਼ਮ ਜਲਾਲਾਬਾਦ ਦਾ ਹੀ ਰਹਿਣ ਵਾਲਾ ਹੈ ਤੇ ਉਸ ਨੇ ਸੁਮਨ ਮੁਟਨੇਜਾ ਤੋਂ ਚਾਰ ਲੱਖ ਰੁਪਏ ਉਧਾਰ ਲਏ ਸਨ ਜੋ ਉਹ ਵਾਪਸ ਕਰਨ ਦੀ ਸਥਿਤੀ ਵਿੱਚ ਨਹੀਂ ਸੀ।
ਉਸ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਮੁਟਨੇਜਾ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਅਤੇ ਬੀਤੀ 18 ਅਪ੍ਰੈਲ ਨੂੰ ਦੁਕਾਨ ਤੋਂ ਘਰ ਜਾਂਦੇ ਸਮੇਂ ਮੁਟਨੇਜਾ ਨੂੰ ਰਸਤੇ ਵਿਚੋਂ ਹੀ ਫਿਲਮੀ ਅੰਦਾਜ਼ 'ਚ ਅਗਵਾ ਕਰ ਲਿਆ। ਮੁਲਜ਼ਮਾਂ ਵੱਲੋਂ ਸੁਮਨ ਮੁਟਨੇਜਾ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਕੀਤੀ ਗਈ ਜਿਸ ਤੋਂ ਬਾਅਦ ਸੁਮਨ ਮੁਟਨੇਜਾ ਨਾਲ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ।
ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਅਤੇ ਮੁਟਨੇਜਾ ਦੀ ਰਿਕਾਰਡਿੰਗ ਪਰਿਵਾਰ ਨੂੰ ਸੁਣਾਈ ਜਦਕਿ ਸੁਮਨ ਮੁਟਨੇਜਾ ਦਾ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਮੁਟਨੇਜਾ ਦੀ ਕਾਰ ਨਹਿਰ 'ਚ ਸੁੱਟ ਦਿੱਤੀ ਅਤੇ ਉਸ ਦੀ ਲਾਸ਼ ਨੂੰ ਵੀ ਨਹਿਰ 'ਚ ਸੁੱਟ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਰਾਜਸਥਾਨ ਫਰਾਰ ਹੋ ਗਏ ਅਤੇ ਜ਼ਿਲ੍ਹਾ ਪਦਮਪੁਰ 'ਚ ਆਪਣੇ ਰਿਸ਼ਤੇਦਾਰਾਂ ਘਰ ਲੁਕ ਗਏ ਅਤੇ ਉੱਥੋਂ ਹੀ ਲੋਕੇਸ਼ਨ ਬਦਲ-ਬਦਲ ਕੇ ਫਿਰੌਤੀ ਲਈ ਫ਼ੌਨ ਕਰਦੇ ਰਹੇ। ਸੁਮਨ ਮੁਟਨੇਜਾ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਟੈਕਨੀਕਲ ਆਧਾਰ 'ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।