ਫਾਜ਼ਿਲਕਾ: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿੱਥੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਉੱਥੇ ਹੀ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਮਨੀ ਚੋਣਾਂ ਲਈ ਜਲਾਲਾਬਾਦ ਦੀ ਸੀਟ ਸਭ ਤੋਂ ਦੀ ਅਹਿਮ ਸੀਟ ਮੰਨੀ ਜਾ ਰਹੀ ਹੈ। ਇਸ ਸੀਟ 'ਤੇ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਕਬਜ਼ੇ ਰਿਹਾ ਹੈ।
ਦੱਸਣਯੋਗ ਹੈ ਕਿ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਸੁਖਬੀਰ ਸਿੰਘ ਬਾਦਲ ਵੱਲੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਇਸ ਸੀਟ ਤੋਂ ਅਕਾਲੀ ਦਲ ਵੱਲੋਂ ਡਾ. ਰਾਜ ਸਿੰਘ ਡਿੱਬੀਪੁਰਾ ਨੂੰ ਟਿਕਟ ਦਿੱਤੀ ਗਈ ਹੈ। ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸੁਖਬੀਰ ਬਾਦਲ ਵੱਲੋਂ ਜਲਾਲਾਬਾਦ ਵਿਖੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
VIDEO: ਕਾਂਗਰਸ ਨੇ 2.5 ਸਾਲਾ ਵਿੱਚ ਜਲਾਲਾਬਾਦ ਦਾ ਕੋਈ ਵਿਕਾਸ ਨਹੀਂ ਕੀਤਾ: ਸੁਖਬੀਰ ਬਾਦਲ ਚੋਣ ਪ੍ਰਚਾਰ ਦੌਰਾਨ ਜਲਾਲਾਬਾਦ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪਿਛਲੇ ਦਸ ਸਾਲਾਂ ਤੋਂ ਜਲਾਲਾਬਾਦ ਨਾਲ ਜੁੜੇ ਹੋਏ ਹਨ। ਉਸ ਤੋਂ ਪਹਿਲਾਂ ਇੱਥੇ ਸੀਵਰੇਜ ਸਿਸਟਮ ਅਤੇ ਗਲੀਆਂ ਨਾਲੀਆਂ ਦਾ ਬੁਰਾ ਹਾਲ ਸੀ, ਪਰ ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਜਲਾਲਾਬਾਦ ਦੇ ਵਿਕਾਸ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ 2.5 ਸਾਲ ਦੇ ਕਾਰਜਕਾਲ ਵਿੱਚ ਜਲਾਲਾਬਾਦ ਦੇ ਲਈ ਇੱਕ ਗ੍ਰਾਂਟ ਵੀ ਨਹੀਂ ਜਾਰੀ ਕੀਤੀ ਤੇ ਨਾ ਹੀ ਕਦੀ ਮੁੱਖ ਮੰਤਰੀ ਕੈਪਟਨ ਸਿੰਘ ਵੱਲੋਂ ਜਲਾਲਾਬਾਦ ਹਲਕੇ ਦਾ ਦੋਰਾ ਕੀਤਾ ਗਿਆ ਹੈ।
ਉਥੇ ਹੀ ਅਕਾਲੀ ਦਲ ਦੇ ਉਮੀਦਵਾਰ ਡਾ਼ ਰਾਜ ਸਿੰਘ ਡਿੱਬੀਪੁਰਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਜਲਾਲਾਬਾਦ ਹਲਕੇ ਵਿੱਚ ਵਿਕਾਸ ਕਰਵਾਏ ਹਨ ਉਨ੍ਹਾਂ ਵਿਕਾਸ ਕਾਰਜਾਂ ਦੇ ਚੱਲਦਿਆਂ ਹੀ ਉਹ ਇੱਥੋਂ ਇਹ ਸੀਟ 50 ਹਜ਼ਾਰ ਤੋਂ ਵੱਧ ਵੋਟਾਂ ਤੋਂ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿੱਚ ਪਾਉਣਗੇ ਤੇ ਜਲਾਲਾਬਾਦ ਦਾ ਹੋਰ ਵਿਕਾਸ ਕਰਨਗੇ।