ਫਾਜ਼ਿਲਕਾ: ਖੇਤੀ ਕਨੂੰਨਾਂ ਨੂੰ ਲੈਕੇ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਜਿਸ ਨੂੰ ਲੈਕੇ ਦਿੱਲੀ ਬਾਰਡਰਾਂ 'ਤੇ ਵੀ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਵੱਲੋਂ ਬਣਾਏ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦਾ ਇੱਕ ਸਾਲ ਪੂਰਾ ਹੋਣ 'ਤੇ ਕਿਸਾਨਾਂ ਵੱਲੋਂ ਪੰਜਾਬ ਭਰ'ਚ ਵੱਖ ਵੱਖ ਬੀਜੇਪੀ ਆਗੂਆਂ ਦੇ ਦਫਤਰਾਂ ਅਤੇ ਘਰਾਂ ਦੇ ਬਾਹਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ। ਇਸ ਤਹਿਤ ਕਿਸਾਨ ਜਥੇਬੰਦੀਆਂ ਵਲੋਂ ਅਰੁਣ ਨਾਰੰਗ ਅਤੇ ਸੁਰਜੀਤ ਜਿਆਣੀ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰੀ ਪੁਲਿਸ ਬਲ ਵੀ ਸੁਰੱਖਿਆ ਵਜੋਂ ਤੈਨਾਤ ਸੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਡੀ.ਆਈ.ਜੀ ਜੇਲ੍ਹ ਲਖਵਿੰਦਰ ਸਿੰਘ ਜਾਖੜ ਨੇ ਸੁਰਜੀਤ ਕੁਮਾਰ ਜਿਆਣੀ ਨੂੰ ਚੈਲੇਂਜ ਕੀਤਾ ਕਿ ਜੇਕਰ ਉਹਨਾਂ ਨੇ ਇਨ੍ਹਾਂ ਕਾਨੂੰਨਾਂ ਨੂੰ ਸਹੀ ਠਹਿਰਾਇਆ ਹੈ ਤਾਂ ਉਨ੍ਹਾਂ ਨਾਲ ਡਿਬੇਟ ਕਰਨ। ਜੇਕਰ ਸੁਰਜੀਤ ਜਿਆਣੀ ਜਿੱਤ ਗਏ ਤਾਂ ਜਾਖੜ ਆਪਣੇ ਘਰ ਬੈਠ ਜਾਣਗੇ ਅਤੇ ਕਿਸਾਨ ਅੰਦੋਲਨ ਨੂੰ ਅਲਵਿਦਾ ਆਖ ਦੇਣਗੇ, ਪਰ ਜੇ ਜਾਖੜ ਜਿੱਤ ਗਏ ਤਾਂ ਫਿਰ ਜਿਆਨੀ ਨੂੰ ਰਾਜਨੀਤੀ ਛੱਡਣੀ ਪਵੇਗੀ।