ਫ਼ਾਜ਼ਿਲਕਾ: ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਕਿਸਾਨਾਂ ਦਾ ਵਿਰੋਧ ਸਿਖਰਾਂ 'ਤੇ ਹੈ। ਮੋਦੀ ਸਰਕਾਰ ਦੁਆਰਾ ਪਾਸ ਕੀਤੇ ਕਾਨੂੰਨਾਂ ਵਿਰੁੱਧ ਜਿੱਥੇ ਕਿਸਾਨ ਰੇਲਵੇ ਲਾਈਨਾਂ 'ਤੇ ਬੈਠੇ ਹਨ, ਉਥੇ ਹੀ ਪੰਜਾਬ ਵਿੱਚ ਰਿਲਾਇੰਸ ਦੇ ਪੈਟਰੋਲ ਪੰਪ, ਸ਼ਾਪਿੰਗ ਮਾਲ, ਅਤੇ ਟੋਲ ਪਲਾਜ਼ੇ ਵੀ ਕਿਸਾਨਾਂ ਵੱਲੋਂ ਸੰਪੂਰਨ ਤੌਰ 'ਤੇ ਬੰਦ ਕਰ ਕੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਰਿਹਾ ਹੈ।
ਸ਼ਨੀਵਾਰ 22ਵੇਂ ਦਿਨ ਕਿਸਾਨ ਯੂਨੀਅਨ ਦੁਆਰਾ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ਪਿੰਡ ਥੇਹਕਲੰਦਰ ਦੇ ਟੌਲ ਪਲਾਜ਼ੇ 'ਤੇ ਲੱਗੇ ਧਰਨੇ ਵਿੱਚ ਪ੍ਰਸਿੱਧ ਪੰਜਾਬੀ ਫ਼ਿਲਮੀ ਕਲਾਕਾਰ ਯੋਗਰਾਜ ਸਿੰਘ ਅਤੇ ਗਾਇਕ ਸੁਰਜੀਤ ਸੰਧੂ, ਸ਼ਿੰਦਾ ਸ਼ੌਕੀ, ਹਰਜੀਤ ਹੀਰਾ, ਸਰੀਫ਼ ਦਿਲਦਾਰ, ਗੀਤਕਾਰ ਸਾਹਬ ਫੰਗੋਟਾ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਯੋਗਰਾਜ ਸਮੇਤ ਪੰਜਾਬੀ ਕਲਾਕਾਰਾਂ ਨੇ ਧਰਨੇ 'ਚ ਸ਼ਾਮਲ ਹੋ ਕੇ ਵਧਾਇਆ ਕਿਸਾਨਾਂ ਦਾ ਹੌਸਲਾ ਇਸ ਮੌਕੇ ਯੋਗਰਾਜ ਸਿੰਘ ਨੇ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨ ਮਾਰੂ ਕਰਾਰ ਦਿੱਤਾ ਅਤੇ ਕਿਸਾਨਾਂ ਨੂੰ ਮੋਦੀ ਸਰਕਾਰ ਖਿਲਾਫ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਸੂਰਮਿਆਂ ਨੇ ਅਬਦਾਲੀ ਅਤੇ ਔਰੰਗਜ਼ੇਬ ਅਤੇ ਅੰਗਰੇਜ਼ ਹਾਕਮਾਂ ਨੂੰ ਹਰਾ ਕੇ ਵਾਪਸ ਜਾਣ ਲਈ ਮਜਬੂਰ ਕੀਤਾ ਹੈ, ਉਸ ਤਰ੍ਹਾਂ ਕਿਸਾਨਾਂ ਦਾ ਇਹ ਸੰਘਰਸ਼ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਬੁਰਾ ਚਾਹਿਆ ਤਾਂ ਪੰਜਾਬ ਦੇ ਕਿਸਾਨ ਮੋਦੀ ਸਰਕਾਰ ਨੂੰ ਮੂੰਹ ਤੋੜ ਜੁਆਬ ਦੇਣਗੇ। ਇਸ ਮੌਕੇ ਉਨ੍ਹਾਂ ਘਰਾਂ 'ਚ ਬੈਠੇ ਕਿਸਾਨਾਂ ਨੂੰ ਧਰਨਿਆਂ 'ਚ ਪਹੁੰਚਣ ਦੀ ਵੀ ਅਪੀਲ ਕੀਤੀ ਅਤੇ ਮੋਦੀ ਸਰਕਾਰ ਦੇ ਕਾਨੂੰਨ ਰੱਦ ਨਾ ਹੋਣ ਤੱਕ ਡਟੇ ਰਹਿਣ ਲਈ ਪ੍ਰੇਰਿਤ ਕੀਤਾ।