ਜਲਾਲਾਬਾਦ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਤੇ ਬੱਲੂਆਣਾ ਵਿਧਾਨ ਸਭਾ ਹਲਕਿਆਂ ਦੇ ਹੜ੍ਹਾਂ ਦੀ ਮਾਰ ਹੇਠਾਂ ਆਏ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਪ੍ਰਧਾਨ ਸੁਖਬੀਰ ਬਾਦਲ ਮੌਜੂਦਾ ਸਰਕਾਰ ਉੱਤੇ ਨਿਸ਼ਾਨਾ ਸਾਧਿਆ।
'ਕੈਪਟਨ ਦੇ ਸੱਤਾ ਵਿੱਚ ਆਉਣ ਨਾਲ ਪੰਜਾਬ ਪੂਰੀ ਤਰ੍ਹਾਂ ਹੋਇਆ ਤਬਾਹ' ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸਸੀ/ਬੀਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਣਕਾਰੀ ਐਡੀਸ਼ਨਲ ਚੀਫ਼ ਸੈਕਟਰੀ ਨੇ ਲਿਖਤ ਰੂਪ ਵਿੱਚ ਦਿੱਤੀ ਹੈ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਜਾਣਬੁਝ ਕੇ ਸਾਧੂ ਧਰਮਸੋਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਧਰਮਸੋਤ ਨੂੰ ਬਚਾਉਣ ਲਈ ਐਡੀਸ਼ਨਲ ਚੀਫ ਸੈਕਟਰੀ ਦੇ ਜੂਨੀਅਰ ਅਫਸਰਾਂ ਨੂੰ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਨੇ ਧਰਮਸੋਤ ਦੇ ਨਾਲ ਸਕਾਲਰਸ਼ਿਪ ਦਾ ਪੈਸਾ ਖਾਦਾ ਹੈ। ਇਸ ਕਰਕੇ ਉਹ ਉਸ ਨੂੰ ਬਚਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੀਬੀਆਈ ਦੀ ਜਾਂਚ ਤੋਂ ਡਰਦਾ ਹੈ। ਜੇਕਰ ਸੀਬੀਆਈ ਜਾਂਚ ਹੁੰਦੀ ਹੈ ਤਾਂ ਇਸ ਨਾਲ ਕਾਂਗਰਸ ਦੇ ਬਹੁਤੇ ਮੰਤਰੀ ਜੇਲ੍ਹਾਂ ਵਿੱਚ ਹੋਣਗੇ। ਹੁਣ ਮੰਤਰੀਆਂ ਨੂੰ ਬਚਾਉਣ ਲਈ ਕੈਪਟਨ ਸੀਬੀਆਈ ਜਾਂਚ ਨਹੀਂ ਕਰਵਾ ਰਿਹਾ। ਉਨ੍ਹਾਂ ਕਿਹਾ ਕਿ ਬਿਨਾਂ ਸੀਬੀਆਈ ਜਾਂਚ ਦੇ ਐਸ/ਬੀਸੀ ਦੇ ਵਿਦਿਆਰਥੀਆਂ ਨੂੰ ਇਨਸਾਫ਼ ਨਹੀਂ ਮਿਲੇਗਾ।
ਸ਼ਰਾਬ ਮਾਮਲੇ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸ਼ਰਾਬ, ਡਰੱਗ ਰੇਤੇ ਦੇ ਮਾਮਲਿਆਂ ਵਿੱਚ ਕਾਂਗਰਸ ਆਪ ਲੋਕਾਂ ਨੂੰ ਲੁੱਟਣ ਵਿੱਚ ਲੱਗੀ ਹੋਈ ਹੈ। ਇਸ ਕਰਕੇ ਜਦੋਂ ਤੱਕ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਨਹੀਂ ਹੁੰਦੀ ਤਦੋਂ ਤੱਕ ਸਾਰੇ ਹੀ ਦੋਸ਼ੀ ਬਚਣਗੇ।
ਉਨ੍ਹਾਂ ਕਿਹਾ ਕਿ ਹਜ਼ਾਰਾਂ ਏਕੜ ਰਕਬੇ ਵਿੱਚ ਫਸਲ ਤਬਾਹ ਹੋ ਗਈ ਹੈ ਪਰ ਕਾਂਗਰਸ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤ ਸੁਣਨ ਲਈ ਕਿਸੇ ਅਫਸਰ ਦੀ ਡਿਊਟੀ ਨਹੀਂ ਲਗਾਈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਰਾਜ ਵਿੱਚ ਕਿਸਾਨਾਂ ਨੂੰ ਮੁਆਵਜ਼ਾ ਵੀ ਸਮੇਂ ਸਿਰ ਪਹੁੰਚ ਜਾਂਦਾ ਸੀ ਤੇ ਕਿਸਾਨਾਂ ਦਾ ਹਾਲ ਵੀ ਜਾਣਿਆ ਜਾਂਦਾ ਸੀ ਪਰ ਕੈਪਟਨ ਦੇ ਰਾਜ ਵਿੱਚ ਅਜਿਹਾ ਬਿਲਕੁਲ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਦੇ ਸੱਤਾ ਵਿੱਚ ਆਉਣ ਨਾਲ ਪੰਜਾਬ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।