ਫਾਜ਼ਿਲਕਾ: ਪੰਜਾਬ ਪੁਲਿਸ ਦਾ ਇੱਕ ਹੋਰ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਜਲਾਲਾਬਾਦ ਤੋਂ ਪੰਜਾਬ ਪੁਲਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਪੁਲਿਸ ਮੁਲਾਜ਼ਮ ਵੱਲੋਂ ਢਾਬੇ 'ਤੇ ਕੰਮ ਕਰਨ ਵਾਲੇ ਵੇਟਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਪੰਜਾਬ ਰਾਜਸਥਾਨ ਹਾਈਵੇ 'ਤੇ ਪੈਂਦੇ ਇੱਕ ਢਾਬੇ 'ਤੇ ਵੇਟਰ ਅਤੇ ਢਾਬਾ ਮਾਲਕ ਨਾਲ ਸਿਰਫ ਇਸ ਲਈ ਕੁੱਟਮਾਰ ਕੀਤੀ ਕਿਉਂਕਿ ਉਨ੍ਹਾਂ ਨੂੰ ਰੋਟੀ ਲਿਆਉਣ 'ਚ ਦੇਰੀ ਹੋ ਗਈ ਸੀ।
ਪੰਜਾਬ ਪੁਲਿਸ ਦੀ ਗੁੰਡਾਗਰਦੀ, ਬਿਨ੍ਹਾਂ ਕਾਰਨ ਢਾਬਾ ਮਾਲਕ ਤੇ ਵੇਟਰ ਦੀ ਕੀਤੀ ਕੁੱਟਮਾਰ
ਜਲਾਲਾਬਾਦ ਦੇ ਇੱਕ ਢਾਬੇ 'ਚ ਪੰਜਾਬ ਪੁਲਿਸ ਵੱਲੋਂ ਗੁੰਡਾਗਰਦੀ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਢਾਬਾ ਮਾਲਕ ਤੇ ਵੇਟਰ ਨਾਲ ਕੁੱਟਮਾਰ ਕਰ ਰਿਹਾ ਹੈ।
ਢਾਬਾ ਮਾਲਕ ਨੇ ਦੱਸਿਆ ਕਿ ਥਾਣਾ ਸਦਰ ਜਲਾਲਾਬਾਦ ਵਿੱਚ ਤਾਇਨਾਤ ਏਐਸਆਈ ਸਤਪਾਲ ਅਤੇ ਉਸ ਦੇ ਨਾਲ ਕੁੱਝ ਸਾਥੀ ਰਾਤ 11:45 ਵਜੇ ਢਾਬੇ ਵਿੱਚ ਖਾਣਾ ਖਾਣ ਆਏ ਸਨ। ਰਾਤ ਦਾ ਸਮਾਂ ਹੋਣ ਕਾਰਨ ਢਾਬਾ ਮਾਲਕ ਨੂੰ ਸਾਰਾ ਖਾਣਾ ਦੁਬਾਰਾ ਤਿਆਰ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਰੋਟੀ ਲਿਜਾਣ 'ਚ ਸਮਾਂ ਲੱਗ ਗਿਆ। ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਇੰਨੀ ਗੱਲ ਨੂੰ ਲੈ ਕੇ ਢਾਬਾ ਮਾਲਕ ਅਤੇ ਵੇਟਰ ਨਾਲ ਗੁੱਸੇ 'ਚ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਢਾਬਾ ਮਾਲਕ ਨੇ ਦੱਸਿਆ ਕਿ ਉਹ ਕਦੇ ਵੀ ਰੋਟੀ ਖਾਣ ਦੇ ਪੈਸੇ ਨਹੀਂ ਦਿੰਦੇ ਸਨ।
ਇਸ ਮਾਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਫਾਜ਼ਿਲਕਾ ਦੇ ਐੱਸਐੱਸਪੀ ਹਰਜੀਤ ਸਿੰਘ ਨੇ ਦੋਸ਼ੀ ਪੁਲਿਸ ਮੁਲਾਜ਼ਮ ਏਐੱਸਆਈ ਸਤਪਾਲ ਨੂੰ ਲਾਈਨ ਹਾਜ਼ਰ ਕਰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।