ਫਾਜ਼ਿਲਕਾ: ਪਿੰਡ ਖੁਈ ਖੇੜਾ ਵਿੱਚ ਪਿਛਲੇ 30 ਸਾਲਾਂ ਤੋਂ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ, ਪਰ ਹੁਣ ਤੱਕ ਉਨ੍ਹਾਂ ਨੂੰ ਪੀਣ ਦਾ ਪਾਣੀ ਸਰਕਾਰ ਉਪਲੱਬਧ ਨਹੀਂ ਕਰਵਾ ਪਾਈ। ਇਸ ਦੇ ਚੱਲਦਿਆਂ ਉਨ੍ਹਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਕਿ ਕੋਈ ਵੀ ਪਾਰਟੀ ਉਨ੍ਹਾਂ ਕੋਲੋਂ ਵੋਟ ਮੰਗਣ ਨਾ ਆਵੇ।ਉਥੇ ਹੀ ਉਨ੍ਹਾਂ ਨੇ ਫਾਜ਼ਿਲਕਾ ਦੇ ਵਿਧਾਇਕ ਅਤੇ ਪਿੰਡ ਦੇ ਹੀ 30 ਸਾਲ ਤੋਂ ਸਰਪੰਚ ਰਹੇ ਮੌਜੂਦਾ ਮਾਰਕੀਟ ਕਮੇਟੀ ਦੇ ਚੇਅਰਮੈਨ 'ਤੇ ਰਾਜਨੀਤੀ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਪਾਣੀ ਦਾ ਮਸਲਾ ਨਾ ਹੱਲ ਕਰਨ ਦੀ ਗੱਲ ਕੀਤੀ ਹੈ।
ਪਿੰਡ ਖੁਈ ਖੇੜਾ 'ਚ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ ਪਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 30 ਸਾਲਾਂ ਤੋਂ ਉਨ੍ਹਾਂ ਦੇ ਪਿੰਡ ਨੂੰ ਪੀਣ ਵਾਲਾ ਪਾਣੀ ਉਪਲੱਬਧ ਨਹੀਂ ਹੋ ਰਿਹਾ। ਸਾਰੀਆਂ ਪਾਰਟੀਆਂ ਰਾਜਨੀਤੀ ਕਰਕੇ ਉਨ੍ਹਾਂ ਕੋਲੋਂ ਵੋਟ ਲੈਂਦੀਆ ਹਨ। ਚੋਣਾਂ ਨਜ਼ਦੀਕ ਆਉਂਦੇ ਹੀ ਇਹ ਪਾਣੀ ਉਪਲੱਬਧ ਕਰਵਾਉਣ ਦੀ ਗੱਲ ਕਰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਕਿ ਇਸ ਵਾਰ ਉਹ ਕਿਸੇ ਨੂੰ ਵੋਟ ਨਹੀਂ ਦੇਣਗੇ, ਕਿਉਂਕਿ ਪਿਛਲੇ 30 ਸਾਲਾਂ ਤੋਂ ਸਾਡਾ ਪਿੰਡ ਪੀਣ ਦੇ ਪਾਣੀ ਲਈ ਜੂਝ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੀਆਂ ਔਰਤਾਂ ਨੂੰ ਪੀਣ ਲਈ ਪਾਣੀ ਦੂਰ-ਦੂਰ ਤੋਂ ਸਿਰ ਉੱਤੇ ਘਰਾਂ ਵਿੱਚ ਢੋਕੇ ਲਿਆਉਣਾ ਪੈਂਦਾ ਹੈ। ਉਥੇ ਹੀ ਉਨ੍ਹਾਂ ਨੇ ਪਿੰਡ ਦੇ 30 ਸਾਲ ਤੋਂ ਰਹੇ ਸਰਪੰਚ ਅਤੇ ਮੌਜੂਦਾ ਮਾਰਕੀਟ ਕਮੇਟੀ ਦੇ ਚੇਅਰਮੈਨ 'ਤੇ ਵੀ ਪਿੰਡ ਲਈ ਪੀਣ ਦਾ ਪਾਣੀ ਉਪਲੱਬਧ ਨਾ ਕਰਵਾਉਣ ਦੇ ਇਲਜ਼ਾਮ ਲਗਾਏ ਹਨ। ਇਸ ਮੌਕੇ ਉਨ੍ਹਾਂ ਵਲੋਂ ਵਿਧਾਇਕ ਦਵਿੰਦਰ ਘੁਬਾਇਆ ਅਤੇ ਸਰਕਾਰ ਦੇ ਖਿਲਾਫ਼ ਜੰਮਕੇ ਨਾਰੇਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੀਣ ਦਾ ਪਾਣੀ ਸਰਕਾਰ ਜਲਦ ਤੋਂ ਜਲਦ ਉਪਲੱਬਧ ਕਰਵਾਏ, ਉਨ੍ਹਾਂ ਨੂੰ ਪੀਣ ਦਾ ਪਾਣੀ ਲੈਣ ਲਈ ਘਰਾਂ ਵਿੱਚ ਬਣੇ ਟੈਂਕਰਾਂ ਵਿੱਚ ਟਰੈਕਟਰ ਟ੍ਰਾਲੀ ਨਾਲ 300 ਰੁਪਏ ਪ੍ਰਤੀ ਟੈਂਕਰ ਦੇ ਹਿਸਾਬ ਨਾਲ ਪਾਣੀ ਲੈਣਾ ਪੈਂਦਾ ਹੈ।
ਇਸ ਬਾਰੇ ਜਦੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਇਸ ਪਿੰਡ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਹੈ ਪਰ ਹੁਣ ਅਸੀਂ ਨਹਿਰੀ ਵਿਭਾਗ ਨਾਲ ਪਿੰਡ ਵਿੱਚ ਗੰਗ ਕੈਨਾਲ ਤੋਂ ਸ਼ੁੱਧ ਪਾਣੀ ਲੈਣ ਲਈ ਅਰਜ਼ੀ ਮਨਜ਼ੂਰ ਕਰਵਾ ਲਈ ਹੈ ਅਤੇ ਜਲਦ ਹੀ ਇਸ ਉੱਤੇ ਕੰਮ ਸ਼ੁਰੂ ਹੋ ਜਾਏਗਾ।
ਇਹ ਵੀ ਪੜ੍ਹੋ:ਰੇਨ ਵਾਟਰ ਰੀਚਾਰਜਿੰਗ ਤਕਨੀਕ ਰਾਹੀਂ ਪਾਣੀ ਬਚਾਉਣ ਦਾ ਉਪਰਾਲਾ