ਫਾਜ਼ਿਲਕਾ: ਵੀਰਵਾਰ ਨੂੰ ਪੰਜਾਬ ਪੁਲਿਸ ਵੱਲੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਦੀ ਚੰਡੀਗੜ੍ਹ ਰਿਹਾਇਸ਼ 'ਤੇ ਰੇਡ ਕਰਕੇ ਉਨ੍ਹਾਂ ਨੂੰ ਇੱਕ ਪੁਰਾਣੇ ਐੱਨ.ਡੀ.ਪੀ.ਐੱਸ. ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ। ਜਿਸ ਤੋਂ ਬਾਅਦ ਜਲਾਲਾਬਾਦ ਕੋਰਟ ਨੇ ਖਹਿਰਾ ਨੂੰ ਦੋ ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ। ਅੱਜ ਉਨ੍ਹਾਂ ਦਾ ਰਿਮਾਂਡ ਖਤਮ ਹੋ ਗਿਆ। ਸੁਖਪਾਲ ਖਹਿਰਾ ਨੂੰ ਮਿਲਣ ਪੁੱਜੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਮੇਰੇ ਪਿਤਾ ਨੂੰ ਨਸ਼ਾ ਤਸਕਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਹਿਤਾਬ ਸਿੰਘ ਖਹਿਰਾ ਦਾ ਬਿਆਨ:ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਦਾ ਕਹਿਣਾ ਹੈ। ਅਸੀਂ ਇਹ ਕੇਸ ਸੁਪਰੀਮ ਕੋਰਟ ਤੱਕ ਲੜਿਆ ਹੈ ਅਤੇ ਅਸੀਂ ਜਿੱਤੇ ਸੀ। ਇਹ ਐਫਆਈਆਰ ਮਾਰਚ 2015 ਵਿੱਚ ਦਰਜ ਹੋਈ ਸੀ। ਮੇਰੇ ਪਿਤਾ ਦਾ ਨਾਂ 2017 ਵਿੱਚ ਆਇਆ। ਅਸੀਂ ਸੁਪਰੀਮ ਕੋਰਟ ਗਏ, SC ਨੇ ਸਾਡੇ ਸੰਮਨ ਦੇ ਹੁਕਮ ਨੂੰ ਰੱਦ ਕਰ ਦਿੱਤਾ, ਪਰ ਹੁਣ 8 ਸਾਲਾਂ ਬਾਅਦ ਉਨ੍ਹਾਂ ਨੂੰ ਜਾਂਚ ਲਈ ਬੁਲਾਇਆ ਗਿਆ। ਉਹ ਇਹ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸੁਖਪਾਲ ਸਿੰਘ ਖਹਿਰਾ ਨਸ਼ਾ ਤਸਕਰ ਹੈ।"
ਇਹ ਸੀ ਸਾਰਾ ਮਾਮਲਾ: ਸਾਲ 2015 ਵਿੱਚ ਜਲਾਲਾਬਾਦ ਪੁਲਿਸ ਨੇ ਮਾਰਕੀਟ ਕਮੇਟੀ ਢਿੱਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਕਬਜ਼ੇ 'ਚੋਂ 1 ਕਿਲੋ ਤੋਂ ਵਧੇਰੇ ਹੈਰੋਇਨ, ਸੋਨੇ ਦੇ ਬਿਸਕੁਟ, ਇੱਕ ਦੇਸੀ 315 ਬੋਰ ਦਾ ਪਿਸਤੌਲ, ਦੋ ਪਾਕਿਸਤਾਨੀ ਸਿਮ ਕਾਰਡ ਅਤੇ ਇੱਕ ਟਾਟਾ ਸਫਾਰੀ ਕਾਰ ਬਰਾਮਦ ਹੋਈ ਸੀ। ਇਸ ਮਾਮਲੇ ਵਿੱਚ ਖਹਿਰਾ ਦਾ ਨਾਂ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਨਾਲ ਕਥਿਤ ਸਬੰਧਾਂ ਕਾਰਨ ਸਾਹਮਣੇ ਆਇਆ। ਖਹਿਰਾ ਦੇ ਨਾਲ-ਨਾਲ ਨਿੱਜੀ ਸੁਰੱਖਿਆ ਅਧਿਕਾਰੀ, ਨਿੱਜੀ ਸਹਾਇਕ , ਯੂਕੇ ਨਿਵਾਸੀ ਚਰਨਜੀਤ ਕੌਰ ਅਤੇ ਮੇਜਰ ਸਿੰਘ ਬਾਜਵਾ ਨੂੰ ਵੀ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ਵਿੱਚ 31 ਅਕਤੂਬਰ 2017 ਨੂੰ ਫਾਜ਼ਿਲਕਾ ਅਦਾਲਤ ਨੇ ਨੌਂ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਕਿਉਂ ਮੁੜ ਕੀਤੀ ਗਈ ਕਾਰਵਾਈ?: ਕਾਬਿਲੇਗੌਰ ਹੈ ਕਿ ਸਾਲ 2015 'ਚ ਖਹਿਰਾ ਨੂੰ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਸੀ। ਸੁਪਰੀਮ ਕੋਰਟ ਨੇ 2015 ਦੇ ਡਰੱਗਜ਼ ਜ਼ਬਤੀ ਕੇਸ ਵਿੱਚ ਫਾਜ਼ਿਲਕਾ ਦੀ ਇੱਕ ਅਦਾਲਤ ਵੱਲੋਂ ਖਹਿਰਾ ਵਿਰੁੱਧ ਸੰਮਨ ਜਾਰੀ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਸੀ ਪਰ ਜਲਾਲਾਬਾਦ ਪੁਲਿਸ ਮੁਤਾਬਕ ਉਨ੍ਹਾਂ ਨੂੰ ਖਹਿਰਾ ਖ਼ਿਲਾਫ਼ ਸਬੂਤ ਮਿਲ ਗਏ ਹਨ, ਜਿਸ ਕਾਰਨ ਹੁਣ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ। ਖਹਿਰਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਪੁਲਿਸ ਨੂੰ ਸੁਖਪਾਲ ਖਹਿਰਾ ਦਾ ਦੋ ਦਿਨਾਂ ਰਿਮਾਂਡ ਹਾਸਲ ਹੋਇਆ।