ਫ਼ਾਜ਼ਿਲਕਾ : ਪਿੰਡ ਝੋਕ ਡੀਪੂ ਲਾਣਾ ਦੇ ਚਾਰ ਨੌਜਵਾਨਾਂ ਦੇ ਨਾਲ ਹੋਈ ਮਾਰਕੁੱਟ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨਾਂ ਨੇ ਬੱਚੇ ਚੁੱਕ ਕੇ ਦਿੱਲੀ ਵਿੱਚ ਕਿਸੇ ਡਾਕਟਰ ਨੂੰ 1 ਲੱਖ ਪ੍ਰਤੀ ਬੱਚੇ ਦੇ ਹਿਸਾਬ ਨਾਲ ਵੇਚਣ ਦੀ ਗੱਲ ਦੱਸੀ ਗਈ ਸੀ। ਪੁਲਿਸ ਨੇ ਇਸ ਸਬੰਧੀ ਜਾਂਚ ਕਰ ਖੁਲਾਸਾ ਕੀਤਾ ਸੀ ਕਿ ਕੁੱਝ ਲੋਕਾਂ ਨੇ ਇਹਨਾਂ ਨੌਜਵਾਨਾਂ ਨੂੰ ਜਬਰਦਸਤੀ ਬੰਦੀ ਬਣਾ ਕੇ ਇਹ ਗੱਲ ਅਖਵਾਈ ਸੀ।
ਹੁਣ ਉਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ, ਪੁਲਿਸ ਨੇ ਬੀਤੇ ਦਿਨੀਂ ਇਸ ਮਾਮਲੇ ਵਿੱਚ ਛੇ ਲੋਕਾਂ ਉੱਤੇ ਅਪਰਾਧਿਕ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਇੱਕ ਚਰਨਜੀਤ ਸਿੰਘ ਚੰਨਾ ਨਾਂਅ ਦੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਸਦਰ ਥਾਣਾ ਦੀ ਹਵਾਲਾਤ ਵਿੱਚ ਬੰਦ ਕੀਤਾ ਗਿਆ।
ਅੱਜ ਸਵੇਰੇ ਚਰਨਜੀਤ ਸਿੰਘ ਚੰਨਾ ਥਾਣਾ ਸਦਰ ਵਿੱਚ ਤੈਨਾਤ 4 ਹੋਮਗਾਰਡ ਦੇ ਜਵਾਨਾਂ ਨੂੰ ਕੁੱਟ ਕਰ ਕੇ ਭੱਜ ਗਿਆ ਜਿਸ ਵਿੱਚ ਇੱਕ ਹੋਮਗਾਰਡ ਜਵਾਨ ਨੂੰ ਕਾਫ਼ੀ ਸੱਟਾਂ ਆਈਆਂ ਹਨ ਅਤੇ ਉਸ ਨੂੰ ਫ਼ਾਜ਼ਿਲਕਾ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਸਰਹੱਦੀ ਇਲਾਕਿਆਂ 'ਚ ਹਾਈ ਅਲਰਟ, ਕੈਪਟਨ ਵੱਲੋਂ ਪਠਾਨਕੋਟ ਪ੍ਰਸ਼ਾਸਨ ਤੇ ਡੀਜੀਪੀ ਨੂੰ ਸਖ਼ਤ ਨਿਰਦੇਸ਼
ਉੱਕਤ ਜਖ਼ਮੀ ਹੋਮਗਾਰਡ ਦੇ ਜਵਾਨ ਨੇ ਦੱਸਿਆ ਕਿ ਉਹ ਚਾਰ ਜਵਾਨ ਰਾਤ ਨੂੰ ਡਿਊਟੀ ਉੱਤੇ ਸਨ ਅਤੇ ਸਵੇਰੇ ਮੇਰੇ ਨਾਲ ਦੇ ਮੁਲਾਜ਼ਮ ਨੂੰ ਚਰਨਜੀਤ ਨੇ ਬਾਥਰੂਮ ਜਾਣ ਲਈ ਬੋਲਿਆ ਤਾਂ ਅਸੀਂ ਉਸ ਨੂੰ ਬਾਹਰ ਲੈ ਕੇ ਆਏ। ਉੱਥੇ ਉਸ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਮੈਨੂੰ ਜਖ਼ਮੀ ਕਰ ਕੇ ਫ਼ਰਾਰ ਹੋ ਗਿਆ। ਹੋਮਗਾਰਡ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਨਾ ਬੱਚਿਆਂ ਨੂੰ ਅਗਵਾ ਕਰ ਕੇ ਜਬਰਦਸਤੀ ਵੀਡੀਓ ਬਣਾਉਣ ਵਾਲੇ ਮਾਮਲੇ ਵਿੱਚ ਮੁਲਜ਼ਮ ਸੀ।