ਫਾਜ਼ਿਲਕਾ: ਰਾਜਸਥਾਨ ਤੋਂ ਹੁੰਦੇ ਹੋਏ ਪੰਜਾਬ ਵਿੱਚ ਟਿੱਡੀਆਂ ਨੇ ਵੱਡਾ ਹਮਲਾ ਕੀਤਾ ਹੈ ਜਿਸ ਦੇ ਚਲਦੇ ਫਾਜ਼ਿਲਕਾ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਰਾਤ ਭਰ ਮਿਹਨਤ ਕਰਕੇ ਇਨ੍ਹਾਂ ਨੂੰ ਖ਼ਤਮ ਕਰਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਜਾਣਕਾਰੀ ਲਈ ਜ਼ਿਕਰ ਕਰ ਦਈਏ ਕਿ ਟਿੱਡੀ ਦਲ ਪੰਜਾਬ ਵਿੱਚ ਪਿਛਲੇ 3 ਮਹੀਨਿਆਂ ਤੋਂ ਘਰ ਕਰ ਚੁੱਕਿਆ ਹੈ ਅਤੇ ਹੁਣ ਟਿੱਡੀ ਦਲ ਨੇ ਕਿਸਾਨਾਂ ਦੇ ਕਿੰਨੂਆ ਦੇ ਬਾਗ਼ ਅਤੇ ਨਰਮਾ-ਕਪਾਹ ਦੀ ਖੇਤੀ ਕਰਣ ਵਾਲੇ ਕਿਸਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਸਰਹੱਦੀ ਜ਼ਿਲ੍ਹੇ ਨੂੰ ਟਿੱਡੀ ਦਲ ਨੇ ਮੁੜ ਪਾਇਆ ਵਕਤ ਕਾਂਗਰਸ ਨੇਤਾ ਸੰਦੀਪ ਜਾਖੜ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੀਵਾਨ ਖੇੜਾ ਵਿੱਚ ਕਿਸਾਨਾਂ ਦੇ ਨਾਲ਼ ਖੇਤਾਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਟਿੱਡੀਆਂ ਦੇ ਮਾਰੇ ਜਾਣ ਦੀ ਗੱਲ ਕਰਦੇ ਹੋਏ ਕਿਹਾ ਕਿ ਟਿੱਡੀ ਦਲ ਤੋਂ ਕਿਸਾਨ ਨਾ ਘਬਰਾਉਣ, ਜਦੋਂ ਇਹ ਟਿੱਡੀਆਂ ਦਰੱਖਤਾਂ ਉੱਤੇ ਆਕੇ ਬੈਠ ਜਾਣ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਤ ਕੀਤਾ ਜਾਵੇ ਜਿਸ ਨਾਲ ਇਨ੍ਹਾਂ ਦਾ ਖ਼ਾਤਮਾ ਹੋ ਸਕੇ।
ਉਥੇ ਹੀ ਮੌਕੇ ਉੱਤੇ ਪਹੁੰਚੇ ਖੇਤੀਬਾੜੀ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਆਪਣੀਆਂ ਪਾਣੀ ਦੀਆਂ ਟੈਂਕੀਆਂ ਭਰ ਕੇ ਰੱਖਣ ਜਿਸ ਨਾਲ਼ ਖੇਤੀ ਬਾੜੀ ਦੇ ਅਫ਼ਸਰਾਂ ਨੂੰ ਇਸ ਦਲ ਨੂੰ ਖ਼ਤਮ ਕਰਣ ਵਿੱਚ ਸਫ਼ਲਤਾ ਮਿਲ ਸਕੇ।
ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਰਾਜਸਥਾਨ ਤੋਂ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਇਆ ਟਿੱਡੀ ਦਲ ਵਿਭਾਗ ਵੱਲੋਂ ਮਾਰ ਦਿੱਤਾ ਗਿਆ ਹੈ ਅਤੇ ਜੇ ਕਿਸਾਨਾਂ ਨੂੰ ਫਿਰ ਇਹ ਵਿਖਾਈ ਦੇਵੇ ਤਾਂ ਤੁਰੰਤ ਹੀ ਅਧਿਕਾਰੀਆਂ ਨਾਲ਼ ਸੰਪਰਕ ਕੀਤਾ ਜਾਵੇ ਤਾਂਕਿ ਇਨ੍ਹਾਂ ਨੂੰ ਤੁਰੰਤ ਖ਼ਤਮ ਕਰ ਕਿਸਾਨਾਂ ਨੂੰ ਇਨ੍ਹਾਂ ਤੋਂ ਨਜਾਤ ਦਵਾਈ ਜਾ ਸਕੇ।