ਫ਼ਾਜ਼ਿਲਕਾ: ਧਾਰਮਿਕ ਸਥਾਨਾਂ ਨੂੰ ਪੂਰੇ ਸੰਸਾਰ ਅੰਦਰ ਬਹੁਤ ਉੱਚਾ ਤੇ ਸੁੱਚਾ ਸਥਾਨ ਮੰਨਿਆ ਜਾਂਦਾ ਹੈ। ਸਿੱਖ ਧਰਮ 'ਚ ਤਾਂ ਗੁਰਦੁਆਰਾ ਸਾਹਿਬ ਸਭ ਤੋਂ ਉੱਚਾ ਸਥਾਨ ਹੈ। ਇਸ ਦੇ ਬਾਵਜੂਦ ਵੀ ਇਸ ਪਵਿੱਤਰ ਸਥਾਨ ਨੂੰ ਵੀ ਸ਼ਰਾਰਤੀ ਅਨਸਰਾਂ ਜਾਂ ਚੋਰਾਂ ਵਲੋਂ ਨਹੀਂ ਬਖਸ਼ਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਤਪ ਸਥਾਨ ਸੰਤ ਬਾਬਾ ਤਾਰਾ ਸਿੰਘ ਖੁਸ਼ ਦਿਲ ਜੰਡ ਵਾਲਾ ਭੀਮੇਸ਼ਾਹ 'ਚ ਚੋਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ।
ਇਸ ਦੇ ਸਬੰਧ 'ਚ ਨਿਗਰਾਨ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚਾਵਲਾ ਨੇ ਘਟਨਾ ਬਾਰੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਉੱਪਰ ਜਿੰਦਰਾ ਲੱਗਾ ਕੇ ਚਾਬੀ ਨਾਲ ਲੈ ਗਏ ਸਨ। ਜਦੋਂ ਉਨ੍ਹਾਂ ਸ਼ੁਕਰਵਾਰ ਸਵੇਰ ਕਰੀਬ ਚਾਰ ਕੁ ਵਜੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਵਾਸਤੇ ਪਹੁੰਚੇ ਤਾਂ ਮੇਨ ਗੇਟ ਦਾ ਜਿੰਦਰਾ ਟੁੱਟਿਆ ਹੋਇਆ ਮਿਲਿਆ। ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਵੱਡੀ ਗੋਲਕ ਦਾ ਜਿੰਦਰਾ ਟੁੱਟਿਆ ਹੋਇਆ ਸੀ। ਇਸ ਮਗਰੋਂ ਉਨ੍ਹਾਂ ਨੇ ਮੰਡੀ ਰੋੜਾਂ ਵਾਲਾ ਚੌਕੀ ਇੰਚਾਰਜ ਨੂੰ ਫੋਨ ਕੀਤਾ ਤਾਂ ਮੌਕੇ ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ।