ਫਾਜ਼ਿਲਕਾ:ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸਐੱਸਪੀ ਭੁਪਿੰਦਰ ਸਿੰਘ ਦੇ ਵੱਲੋਂ ਥੈਲੇਸੀਮੀਆ ਦੀ ਬਿਮਾਰੀ ਦੇ ਨਾਲ ਪੀੜਤ ਇੱਕ ਬੱਚੇ ਵੱਲੋਂ ਦੇਖੇ ਗਏ ਸੁਪਨੇ ਨੂੰ ਸਾਕਾਰ ਕਰਦਿਆਂ ਗੌਰਵ ਕੰਬੋਜ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦਾ ਇਕ ਦਿਨ ਦੇ ਲਈ ਐੱਸਐੱਸਪੀ ਬਣਾਇਆ ਗਿਆ ਹੈ। ਇੱਕ ਦਿਨ ਦੇ ਲਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸਐੱਸਪੀ ਬਣੇ ਗੌਰਵ ਕੰਬੋਜ ਨੂੰ ਐੱਸਐੱਸਪੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦਫਤਰ ਪਹੁੰਚਣ ’ਤੇ ਫੁੱਲਾਂ ਦੇ ਬੁੱਕੇ ਭੇਟ ਕਰ ਕੇ ਸਵਾਗਤ ਕੀਤਾ ਗਿਆ ਅਤੇ ਇਸ ਦੌਰਾਨ ਗੌਰਵ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਸੈਲੂਟ ਵੀ ਮਾਰਿਆ ਗਿਆ।
ਗੌਰਵ ਕੰਬੋਜ ਵੱਲੋਂ ਜਿਲ੍ਹਾ ਪੁਲਿਸ ਮੁਖੀ ਦੇ ਅਹੁਦੇ ’ਤੇ ਬੈਠ ਕੇ ਪੁਲਿਸ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਉੱਥੇ ਹੀ ਐੱਸਐੱਸਪੀ ਦਫ਼ਤਰ ਅਤੇ ਪੁਲਿਸ ਲਾਈਨ ਦਾ ਨਿਰੀਖਣ ਵੀ ਕੀਤਾ ਗਿਆ। ਇੱਕ ਦਿਨ ਦੇ ਲਈ ਐੱਸਐੱਸਪੀ ਬਣੇ ਗੌਰਵ ਕੰਬੋਜ ਵੱਲੋਂ ਨਸ਼ਾ ਤਸਕਰਾਂ ਨੂੰ ਇਲਾਕਾ ਛੱਡਣ ਦੀ ਚਿਤਾਵਨੀ ਵੀ ਦਿੱਤੀ ਗਈ। ਇਸ ਮੌਕੇ ਗੌਰਵ ਕੰਬੋਜ ਨੇ ਦੱਸਿਆ ਕਿ ਉਹ ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਸ ਦਾ ਆਈਪੀਐੱਸ ਬਣਨ ਦਾ ਸੁਪਨਾ ਸੀ ਜੋ ਕਿ ਫ਼ਾਜ਼ਿਲਕਾ ਦੇ ਐੱਸਐੱਸਪੀ ਭੁਪਿੰਦਰ ਸਿੰਘ ਨੂੰ ਪਤਾ ਚੱਲਣ ’ਤੇ ਉਨ੍ਹਾਂ ਦੇ ਵੱਲੋਂ ਉਸ ਨੂੰ ਇੱਕ ਦਿਨ ਦੇ ਲਈ ਐੱਸਐੱਸਪੀ ਬਣਾ ਕੇ ਉਸ ਦਾ ਸੁਪਨਾ ਪੂਰਾ ਕੀਤਾ ਗਿਆ ਹੈ।