ਫ਼ਾਜ਼ਿਲਕਾ: ਪਿੰਡ ਖੁੱਬਨ ਵਿੱਚ ਕਰਫਿਊ ਦੌਰਾਨ ਹੁੱਲੜਬਾਜ਼ੀ ਕਰ ਰਹੇ ਲੋਕਾਂ ਨੂੰ ਰੋਕਣ 'ਤੇ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਵਾਲਿਆਂ 'ਚੋਂ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਲੋਕਾਂ ਵਿੱਚ 2 ਵਿਅਕਤੀ ਤੇ ਤਿੰਨ ਔਰਤਾਂ ਸ਼ਾਮਲ ਹਨ।
ਦੱਸ ਦਈਏ, ਪੁਲਿਸ 'ਤੇ ਪੱਥਰਬਾਜ਼ੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਲੋਕ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਹਨ ਤੇ ਕਹਿ ਰਹੇ ਹਨ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ।
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਹਾਵ ਵਾਲਾ ਦੇ ਜਾਂਚ ਅਧਿਕਾਰੀ ਮੁਨਸ਼ੀ ਰਾਮ ਨੇ ਦੱਸਿਆ ਕਿ ਕਰਫਿਊ ਦੌਰਾਨ ਪਿੰਡ ਖੁੱਬਨ ਵਿੱਚ ਪੁਲਿਸ ਪਾਰਟੀ ਬਾਹਰ ਘੁੰਮ ਰਹੇ ਲੋਕਾਂ ਨੂੰ ਘਰਾਂ ਵਿੱਚ ਜਾਣ ਦੀ ਅਪੀਲ ਕਰ ਰਹੀ ਸੀ। ਇਸ ਦੌਰਾਨ ਕੁੱਝ ਸ਼ਰਾਰਤੀ ਲੋਕਾਂ ਨੇ ਪੁਲਿਸ ਪਾਰਟੀ ਉੱਤੇ ਇੱਟਾ ਪੱਥਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਰਕੇ ਸਰਕਾਰੀ ਗੱਡੀ ਵੀ ਨੁਕਸਾਨੀ ਗਈ।
ਇਸ ਮਾਮਲੇ ਵਿੱਚ ਉਨ੍ਹਾਂ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਵਿੱਚ ਰਾਜਵੀਰ ਸਿੰਘ ਪੁੱਤਰ ਮਿਹਤਾਬ ਸਿੰਘ, ਬੱਬੀ ਪੁੱਤਰ ਬਲਬੀਰ ਸਿੰਘ, ਪੂਜਾ ਰਾਣੀ, ਮੰਜੂ ਰਾਣੀ, ਤੇ ਨੀਤੂ ਰਾਣੀ ਸ਼ਾਮਲ ਹਨ। ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾਕੀ ਬਚੇ ਹੋਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਪੰਜਾਬ ਵਿੱਚ ਕਰਫਿਊ ਲਾਇਆ ਹੋਇਆ ਹੈ ਜਿਸ ਦੌਰਾਨ ਲੋਕਾਂ ਨੂੰ ਘਰ ਤੋਂ ਬਾਹਰ ਜਾਣ ਦੀ ਮਨਾਹੀ ਹੈ। ਉੱਥੇ ਹੀ ਇਸ ਮੌਕੇ ਪੁਲਿਸ ਪਾਰਟੀ ਸੜਕਾਂ 'ਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ ਤੇ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਕਰ ਰਹੀ ਹੈ ਤਾਂ ਕਿ ਉਹ ਇਸ ਭਿਆਨਕ ਬਿਮਾਰੀ ਤੋਂ ਬਚ ਸਕਣ। ਇਸ ਦੇ ਬਾਵਜੂਦ ਪਿੰਡ ਖੁੱਬਨ ਦੇ ਕੁਝ ਲੋਕਾਂ ਨੂੰ ਪੁਲਿਸ ਦੀ ਅਪੀਲ ਰਾਸ ਨਹੀਂ ਆਈ ਤੇ ਉਨ੍ਹਾਂ ਨੇ ਘਰ ਵਿੱਚ ਰਹਿਣ ਦੀ ਅਪੀਲ ਕਰਨ ਆਈ ਪੁਲਿਸ ਪਾਰਟੀ ਉੱਤੇ ਪੱਥਰਬਾਜ਼ੀ ਕੀਤੀ ਗਈ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ 2 ਦਰਜਨ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ 5 ਨੂੰ ਗ੍ਰਿਫ਼ਤਾਰ ਵੀ ਕਰ ਲਿਆ।