ਫਾਜ਼ਿਲਕਾ : ਪੰਜਾਬ ਸਰਕਾਰ ਸੂਬੇ 'ਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਪੱਧਰ 'ਤੇ ਇਹ ਦਾਅਵੇ ਝੂਠੇ ਪੈਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਮਾਮਲਾ ਅਬੋਹਰ ਦੇ ਪਿੰਡ ਮੌਜਗੜ੍ਹ ਵਿੱਚ ਸਾਹਮਣੇ ਆਇਆ ਹੈ। ਇਥੇ ਖਾਲਾ ਟੁੱਟਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਇਲਾਕੇ ਦੇ ਜ਼ਿਆਦਾਤਰ ਕਿਸਾਨ ਬਾਗਵਾਨੀ ਕਰਦੇ ਹਨ। ਬਾਗਵਾਨੀ ਦੇ ਦੌਰਾਨ ਕਿਸਾਨ ਬਾਗਾਂ 'ਚ ਸਿਂਚਾਈ ਲਈ ਖਾਲੇ ਰਾਹੀਂ ਨਹਿਰ ਦੇ ਪਾਣੀ ਦੀ ਵਰਤੋਂ ਕਰਦੇ ਹਨ। ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦਾ ਪੁਰਾਣਾ ਖਾਲਾ ਟੁੱਟ ਗਿਆ ਸੀ, ਸਿੰਚਾਈ ਨਾ ਹੋਣ ਦੇ ਚਲਦੇ ਉਨ੍ਹਾਂ ਦੀਆਂ ਫਸਲਾਂ ਖ਼ਰਾਬ ਹੋ ਰਹੀਆਂ ਹਨ, ਬੂੱਟੇ ਸੁੱਕ ਗਏ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸ਼ਿਕਾਇਤ ਕਰਨ 'ਤੇ ਇਲਾਕੇ ਵਿੱਚ ਨਵਾਂ ਖਾਲਾ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਲੰਬਾ ਸਮਾਂ ਬੀਤ ਜਾਣ ਮਗਰੋਂ ਵੀ ਉਸ ਨੂੰ ਨਹੀਂ ਪੂਰਾ ਕੀਤਾ ਗਿਆ ਹੈ। ਬਾਗਵਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕੋਲੋਂ ਜਲਦ ਤੋਂ ਜਲਦ ਨਵੇਂ ਖਾਲੇ ਦੀ ਉਸਾਰੀ ਮੁਕੰਮਲ ਕੀਤੇ ਜਾਣ ਅਤੇ ਖ਼ਰਾਬ ਫਸਲਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।