ਫਾਜ਼ਿਲਕਾ :ਹਲਕਾ ਬਲੂਆਣਾ ਦੇ ਪਿੰਡ ਸੱਯਦਵਾਲਾ 'ਚ ਡਰੇਨ ਦਾ ਪਾਣੀ ਓਵਰ ਫਲੋ ਹੋਣ ਕਾਰਨ ਪੂਰੇ ਪਿੰਡ 'ਚ ਪਾਣੀ ਭਰ ਗਿਆ ਹੈ। ਇਥੋਂ ਦੇ ਪਿੰਡ ਵਾਸੀਆਂ ਨੂੰ ਪਿੰਡ ਦੇ ਡੂੱਬਣ ਦਾ ਡਰ ਹੈ। ਪਿੰਡ ਦੇ ਨੇੜੀਓਂ ਲੰਘਣ ਵਾਲੇ ਅਬੁਲ ਖੁਰਾਨਾ ਡਰੇਨ ਪਾਣੀ ਓਵਰ ਫਲੋ ਹੋਣ ਦੇ ਚਲਦੇ ਪਾੜ ਪੈ ਗਿਆ ਤੇ ਪੂਰੇ ਪਿੰਡ 'ਚ ਪਾਣੀ ਭਰ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਸੇਮ ਨਾਲੇ ਪਿੰਡ ਦੇ ਨਾਲ ਲਗਦੇ ਅਬੁਲ ਖੁਰਾਨਾ ਡਰੇਨ 'ਚ ਪਾਣੀ ਓਵਰ ਫਲੋ ਹੋ ਗਿਆ। ਇਸ ਦੇ ਚਲਦੇ ਇਥੇ ਕਰੀਬ 60 ਤੋਂ 75 ਫੁਟ ਦਾ ਪਾੜ ਪੈ ਗਿਆ। ਪਾੜ ਪੈਣ ਦੇ ਕਾਰਨ ਪੂਰੇ ਪਿੰਡ 'ਚ ਪਾਣੀ ਭਰ ਗਿਆ। ਕਿਸਾਨਾਂ ਦੀਆਂ ਨਰਮੇ ਦੀ ਫਸਲ ਤੇ ਸਬਜ਼ੀਆਂ ਪਾਣੀ 'ਚ ਡੂੱਬ ਗਈਆਂ ਹਨ। ਹੁਣ ਲਗਾਤਾਰ ਪਾਣੀ ਦਾ ਬਹਾਅ ਵੱਧ ਰਿਹਾ ਹੈ। ਜਿਸ ਦੇ ਚਲਦੇ ਪਿੰਡ ਵਾਸੀਆਂ ਨੂੰ ਪਿੰਡ ਡੂੱਬਣ ਦਾ ਖ਼ਤਰਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਦੱਸਿਆ ਇਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਾ। ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦੇ ਫੋਨ ਬੰਦ ਮਿਲੇ। ਹੁਣ ਪਿੰਡ ਵਾਸੀ ਇੱਕਠੇ ਹੋ ਖ਼ੁਦ ਹੀ ਪਾੜ ਨੂੰ ਠੀਕ ਕਰਨ ਦੇ ਕੰਮ 'ਚ ਜੁੱਟੇ ਹੋਏ ਹਨ। ਇਸ ਤੋਂ ਇਲਾਵਾ ਇਥੇ ਕਈ ਲੋਕਾਂ ਦੇ ਘਰਾਂ 'ਚ ਵੀ ਪਾਣੀ ਦਾਖਲ ਹੋ ਚੁੱਕਾ ਹੈ, ਜਿਸ ਕਾਰਨ ਕੋਰੋਨਾ ਵਾਇਰਸ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਲੋਕਾਂ ਵਲੋਂ ਆਪਣੇ ਪਧਰ ‘ਤੇ ਆਪਣੇ ਘਰਾਂ ਤੇ ਖੇਤਾਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।