ਫ਼ਾਜ਼ਿਲਕਾ: ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਕੇਂਦਰ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਕੁਝ ਡੀਪੋ ਹੋਲਡਰ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ 'ਚ ਘਪਲੇਬਾਜ਼ੀ ਕਰ ਰਹੇ ਹਨ।
ਅਜਿਹਾ ਹੀ ਇੱਕ ਮਾਮਲਾ ਫ਼ਾਜ਼ਿਲਕਾ ਦੇ ਪਿੰਡ ਖਿਓ ਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਡੀਪੂ ਹੋਲਡਰ ਨੀਲੇ ਕਾਰਡ ਧਾਰਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਸਰਕਾਰੀ ਰਾਸ਼ਨ ਨਹੀਂ ਦੇ ਰਹੇ। ਇਸ ਦੇ ਚਲਦਿਆਂ ਸਮੂਹ ਨੀਲੇ ਕਾਰਡ ਧਾਰਕਾਂ ਨੇ ਡੀਪੂ ਹੋਲਡਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਸਬੰਧੀ ਜਾਂਚ ਕਰਨ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਪਿੰਡ ਖਿਓ ਵਾਲਾ ਦੇ ਨੀਲੇ ਕਾਰਡ ਦੇ ਧਾਰਕਾਂ ਨੇ ਦੱਸਿਆ ਕਿ ਜਦੋਂ ਤੋਂ ਨੀਲਾ ਕਾਰਡ ਬਣਿਆ, ਉਦੋਂ ਤੋਂ ਹੀ ਸਰਕਾਰੀ ਰਾਸ਼ਨ ਨਹੀਂ ਮਿਲਿਆ ਹੈ। ਜਦੋਂ ਉਹ ਸਰਕਾਰੀ ਰਾਸ਼ਨ ਲੈਣ ਜਾਂਦੇ ਤਾਂ ਉਨ੍ਹਾਂ ਨੂੰ ਹਮੇਸ਼ਾ ਡੀਪੂ ਹੋਲਡਰ ਇਹ ਆਖ ਦਿੰਦਾ ਕਿ ਉਨ੍ਹਾਂ ਦਾ ਨਾਂਅ ਸਰਕਾਰੀ ਰਾਸ਼ਨ ਦੀ ਸੂਚੀ 'ਚ ਨਹੀਂ ਆਇਆ।
ਜਦੋਂ ਉਨ੍ਹਾਂ ਨੇ ਸਰਪੰਚ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਅਗਸਤ ਮਹੀਨੇ ਦਾ ਸਰਕਾਰੀ ਰਾਸ਼ਨ ਹਾਲੇ ਬਾਕੀ ਹੈ ਤੇ ਉਹ ਗ਼ਰੀਬ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਨੂੰ ਸਰਕਾਰੀ ਰਾਸ਼ਨ ਲਈ ਕੁੱਝ ਡੀਪੂ ਹੋਲਡਰ ਖੱਜਲ ਖੁਆਰ ਕਰ ਰਹੇ ਹਨ।