ਫ਼ਾਜ਼ਿਲਕਾ: ਪਿੰਡ ਮੁਹੰਮਦ ਪੀਰਾ ਵਿਖੇ ਸਹੁਰੇ ਪਰਿਵਾਰ ਵੱਲੋਂ ਇੱਕ ਵਿਆਹੁਤਾ ਨੂੰ ਸਾੜ ਕੇ ਮਾਰਨ ਦੇ ਮਾਮਲੇ ਵਿੱਚ ਇਨਸਾਫ ਨਾ ਮਿਲਣ 'ਤੇ ਬੁੱਧਵਾਰ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਐਸ.ਐਸ.ਪੀ. ਦਫ਼ਤਰ ਦੇ ਬਾਹਰ ਰੋਸ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਸੂਬਾ ਉੱਪ ਪ੍ਰਧਾਨ ਰੇਸ਼ਮ ਸਿੰਘ ਮਿੱਢਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਔਰਤਾਂ-ਮਰਦਾਂ ਦੇ ਇਕੱਠ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂ ਰੇਸ਼ਮ ਸਿੰਘ ਮਿੱਢਾ ਅਤੇ ਜੈਲ ਸਿੰਘ ਨੇ ਕਿਹਾ ਕਿ ਬਲਜੀਤ ਕੌਰ ਦੇ ਪਤੀ ਦੇ ਉਸ ਦੀ ਭਰਜਾਈ ਨਾਲ ਨਾਜਾਇਜ਼ ਸਬੰਧ ਸਨ, ਜਿਸ ਤੋਂ ਬਲਜੀਤ ਕੌਰ ਆਪਣੇ ਪਤੀ ਪਰਮਜੀਤ ਸਿੰਘ ਨੂੰ ਰੋਕਦੀ ਸੀ। ਬਲਜੀਤ ਕੌਰ ਨੂੰ ਆਪਣੇ ਰਾਹ ਵਿੱਚ ਰੋੜਾ ਸਮਝਦੇ ਹੋਏ ਲੰਘੀ 8 ਜੁਲਾਈ ਨੂੰ ਉਸ ਦੇ ਪਤੀ ਪਰਮਜੀਤ ਸਿੰਘ, ਜੇਠਾਣੀ ਜਸਵਿੰਦਰ ਕੌਰ ਅਤੇ ਸਹੁਰੇ ਪਰਿਵਾਰ ਨੇ ਸਾੜ ਦਿੱਤਾ ਸੀ। ਜ਼ਖਮੀ ਹੋਈ ਬਲਜੀਤ ਕੌਰ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਉਸ ਨੇ ਦਮ ਤੋੜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੌਤ ਤੋਂ ਪਹਿਲਾਂ ਬਲਜੀਤ ਕੌਰ ਨੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਬਿਆਨ ਕਲਮਬੱਧ ਕਰਾਉਂਦਿਆਂ ਸਹੁਰੇ ਪਰਿਵਾਰ ਉਪਰ ਸਾੜੇ ਜਾਣ ਦੇ ਦੋਸ਼ ਲਗਾਏ ਸਨ।