ਫ਼ਾਜ਼ਿਲਕਾ: ਪਿਛਲੇ ਲਗਭਗ ਇੱਕ ਹਫ਼ਤੇ ਤੋਂ ਭਿਆਨਕ ਗਰਮੀ ਦੇ ਕਾਰਨ ਹਰ ਵਿਅਕਤੀ ਮੀਂਹ ਲਈ ਰੱਬ ਕੋਲ ਅਰਦਾਸ ਕਰ ਰਿਹਾ ਸੀ ਅਤੇ ਗਰਮੀ ਅਤੇ ਹੁਮਸ ਦੇ ਮੌਸਮ ਵਿੱਚ ਲੋਕ ਕੂਲਰਾਂ ਅਤੇ ਏ.ਸੀ. ਵਿੱਚੋਂ ਬਾਹਰ ਨਿਕਲਨਾ ਮੁਨਾਸਿਬ ਨਹੀਂ ਸਮਝਦੇ ਸਨ। ਪਰ ਸ਼ਨਿਚਰਵਾਰ ਨੂੰ ਆਈ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਪਰ ਨਾਲ ਹੀ ਇਹ ਬਰਸਾਤ ਆਫ਼ਤ ਵੀ ਲੈ ਕੇ ਆਈ ਹੈ।
ਕਿਸਾਨਾਂ ਨੇ ਕਿਹਾ-ਮੁਸਲਾਧਾਰ ਮੀਂਹ ਫ਼ਸਲਾਂ ਲਈ ਰਹੇਗਾ ਲਾਹੇਵੰਦ
ਸ਼ਨਿਚਰਵਾਰ ਨੂੰ ਫ਼ਾਜ਼ਿਲਕਾ ਖੇਤਰ ਵਿੱਚ ਪਏ ਮੁਸਲਾਧਾਰ ਮੀਂਹ ਨੇ ਆਮ ਲੋਕਾਂ ਲਈ ਰਾਹਤ ਤਾਂ ਲਿਆਂਦੀ, ਪਰ ਇਸ ਦੇ ਨਾਲ ਹੀ ਕਿਸਾਨਾਂ ਨੂੰ ਕਾਫ਼ੀ ਲਾਭ ਮਿਲਿਆ।
ਇੱਕ ਹੀ ਮੀਂਹ ਨੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੀਂਹ ਦੇ ਕਾਰਨ ਸ਼ਹਿਰ ਦੇ ਹੇਠਲੇ ਇਲਾਕਿਆਂ ਵਿੱਚ ਜਿੱਥੇ ਪਾਣੀ ਭਰ ਗਿਆ ਉੱਥੇ ਹੀ ਪੇਂਡੂ ਖੇਤਰਾਂ ਵਿੱਚ ਪਾਣੀ ਭਰਿਆ ਦੇਖਣ ਨੂੰ ਮਿਲਿਆ। ਕਈ ਥਾਵਾਂ ਉੱਤੇ ਸੀਵਰੇਜ ਓਵਰਫਲੋ ਹੋ ਗਏ ਜਿਸ ਦੇ ਨਾਲ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ। ਅਬੋਹਰ ਸ਼ਹਿਰ ਅਤੇ ਨਾਲ ਲੱਗਦੇ ਪਿੰਡ ਤਾਜ਼ਾ ਪੱਟੀ, ਧਰਾਂਗ ਵਾਲਾ, ਰੂਹੜਿਆਂ ਵਾਲੀ, ਕੁੰਡਲ, ਜੰੜ ਵਾਲਾ ਹਨਵੰਤਾ, ਧਰਮਪੁਰਾ, ਢਾਬਾਂ ਕੋਕਰੀਆਂ, ਨਿਹਾਲ ਖੇੜਾ, ਘੱਲੂ, ਪਜਾਵਾਂ ਸਮੇਤ ਪੂਰੇ ਜ਼ਿਲ੍ਹੇ ਵਿੱਚ ਮੂਸਲਾਧਾਰ ਮੀਂਹ ਪਿਆ।
ਇਸ ਮੁਸਲਾਧਾਰ ਮੀਂਹ ਬਾਰੇ ਕਿਸਾਨਾਂ ਨੇ ਦੱਸਿਆ ਕਿ ਜਿੱਥੇ ਆਮ ਜਨ ਜੀਵਨ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਇਹ ਬਰਸਾਤ ਫਸਲਾਂ ਲਈ ਵੀ ਲਾਭਦਾਇਕ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਦੇ ਕਾਰਨ ਜਿੱਥੇ ਨਰਮੇ-ਕਪਾਹ ਦੀ ਫ਼ਸਲ ਗਰਮੀ ਨਾਲ ਝੁਲਸ ਰਹੀ ਸੀ ਜਿਸ ਨੂੰ ਇਸ ਬਰਸਾਤ ਨਾਲ ਕਾਫ਼ੀ ਫਾਇਦਾ ਹੋਵੇਗਾ।