ਫਾਜ਼ਿਲਕਾ: ਜ਼ਿਲ੍ਹੇ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਭਾਜਪਾ ਖਿਲਾਫ਼ ਬੋਲਣ ਵਾਲੇ ਨੌਜਵਾਨ 'ਤੇ ਪਰਚਾ ਕੀਤਾ ਗਿਆ ਹੈ। ਨੌਜਵਾਨ 'ਤੇ ਪਰਚਾ ਹੋਣ 'ਤੇ ਕਿਸਾਨਾਂ ਨੇ ਰੋਸ ਪ੍ਰਗਟਾਇਆ ਹੈ। ਬੀਕੇਯੂ ਡਕੌਂਦਾ ਉਕਤ ਨੌਜਵਾਨ ਕਿਸਾਨ ਦੇ ਹੱਕ 'ਚ ਉਤਰਿਆ ਹੈ ਤੇ ਉਨ੍ਹਾਂ ਨੌਜਵਾਨ ਖਿਲਾਫ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਭਾਜਪਾ ਖਿਲਾਫ ਬੋਲਣ ਵਾਲੇ ਨੌਜਵਾਨ 'ਤੇ ਪਰਚਾ ਹੋਣ ਨੂੰ ਲੈ ਕਿਸਾਨਾਂ ਨੇ ਪ੍ਰਗਟਾਇਆ ਰੋਸ
ਫਾਜ਼ਿਲਕਾ ਵਿਖੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਭਾਜਪਾ ਖਿਲਾਫ਼ ਬੋਲਣ ਵਾਲੇ ਨੌਜਵਾਨ 'ਤੇ ਪਰਚਾ ਦਰਜ ਹੋਣ ਨੂੰ ਕਿਸਾਨਾਂ ਨੇ ਰੋਸ ਪ੍ਰਗਟਾਇਆ। ਪੀੜਤ ਨੌਜਵਾਨ ਨੇ ਦੱਸਿਆ ਕਿ ਜਦ ਉਹ ਕਿਸਾਨ ਅੰਦੋਲਨ ਤੋ ਵਾਪਸ ਪਰਤਦੇ ਹਨ ਤਾਂ ਭਾਜਪਾ ਆਗੂ ਤੇ ਹੋਰਨਾਂ ਵਰਕਰ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਪਿਕਨਿਕ ਮਨਾ ਕੇ ਵਾਪਸ ਆਏ ਹਨ। ਜਿਸ ਦੇ ਰੋਸ ਵਜੋਂ ਭਾਵੂਕ ਹੋ ਕੇ ਉਸ ਨੇ ਭਾਜਪਾ ਖਿਲਾਫ ਵੀਡੀਓ ਪਾਈ ਸੀ।
ਇਸ ਮਾਮਲੇ ਬਾਰੇ ਪੀੜਤ ਨੌਜਵਾਨ ਪ੍ਰਵੀਣ ਕੁਮਾਰ ਨੇ ਦੱਸਿਆ ਕਿ ਉਹ 1 ਜਨਵਰੀ ਨੂੰ ਹੀ ਕਿਸਾਨ ਅੰਦੋਲਨ ਤੋਂ ਵਾਪਸ ਮੁੜਿਆ ਸੀ। ਇਸ ਦੌਰਾਨ ਸ਼ਹਿਰ ਦੇ ਕੁੱਝ ਭਾਜਪਾ ਵਰਕਰਾਂ ਨੇ ਕਿਸਾਨ ਅੰਦੋਲਨ ਤੋਂ ਮੁੜੇ ਕਿਸਾਨਾਂ ਲਈ ਪਿਕਨਿਕ ਮਨਾ ਕੇ ਵਾਪਸ ਆਉਣ ਦਾ ਬਿਆਨ ਦਿੱਤਾ। ਜਿਸ ਨੂੰ ਲੈ ਕੇ ਉਸ ਦੇ ਦਿੱਲ ਨੂੰ ਠੇਸ ਪੁੱਜੀ ਤਾਂ ਉਸ ਨੇ ਭਾਵੂਕ ਹੋ ਕੇ ਨਗਰ ਕੌਂਸਲ ਚੋਣਾਂ 'ਚ ਕਿਸੇ ਭਾਜਪਾ ਆਗੂ ਨੂੰ ਚੋਣਾਂ ਨਾ ਲੜਨ ਦੇਣ ਦੀ ਧਮਕੀ ਦਿੱਤੀ। ਉਸ ਵੱਲੋਂ ਇਹ ਵੀਡੀਓ 3 ਜਨਵਰੀ ਨੂੰ ਸ਼ੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਪ੍ਰਵੀਣ ਉੱਤੇ ਪਰਚਾ ਕੀਤਾ ਗਿਆ। ਪ੍ਰਵੀਣ ਨੇ ਭਾਜਪਾ ਵਰਕਰਾਂ ਤੇ ਆਗੂਆਂ ਨੂੰ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਕੜਾਕੇ ਦੀ ਠੰਢ 'ਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੂੰ ਪਿਕਨਿਕ ਮਨਾ ਕੇ ਆਉਣ ਵਾਲੇ ਬਿਆਨ ਦੇ ਕੇ ਠੇਸ ਨਾ ਪਹੁੰਚਾਈ ਜਾਵੇ।
ਇਸ ਮੌਕੇ ਬੇਕਯੂ ਡਕੌਂਦਾ ਦੇ ਕਿਸਾਨ ਆਗੂਆਂ ਨੇ ਉਕਤ ਨੌਜਵਾਨ 'ਤੇ ਪਰਚਾ ਦਰਜ ਕਰਨ ਨੂੰ ਗ਼ਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਣੇ ਵਿਚਾਰ ਸਾਂਝੇ ਕਰਨ 'ਤੇ ਪਰਚਾ ਦਰਜ ਹੁੰਦਾ ਹੈ ਤਾਂ ਇੰਝ ਪਿਕਨਿਕ ਮਨਾਉਣ ਸਬੰਧੀ ਬਿਆਨ ਦੇਣ ਵਾਲਿਆਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਐਸਐਸਪੀ ਨਾਲ ਮੁਲਾਕਾਤ ਕਰ ਨੌਜਵਾਨ ਕਿਸਾਨ 'ਤੇ ਦਰਜ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ।