ਪੰਜਾਬ

punjab

ETV Bharat / state

ਕੜਾਕੇ ਦੀ ਠੰਡ 'ਚ ਬੀਐਸਐਫ ਅਤੇ ਪੁਲਿਸ ਨਾਕਿਆਂ 'ਤੇ ਜਵਾਨਾਂ ਦਾ ਹੌਂਸਲਾ ਵਧਾਉਣ ਪਹੁੰਚੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ

Deputy Commissioner of District Fazilka: ਜ਼ਿਲ੍ਹਾਂ ਫਾਜ਼ਿਲਕਾ ਦੇ ਡੀਸੀ ਅਤੇ ਐਸਐਸਪੀ ਕੜਾਕੇ ਦੀ ਠੰਡ ਵਿੱਚ ਬੀਐਸਐਫ ਅਤੇ ਪੁਲਿਸ ਨਾਕਿਆਂ 'ਤੇ ਜਵਾਨਾਂ ਦਾ ਹੌਂਸਲਾ ਵਧਾਉਣ ਪਹੁੰਚੇ ਹਨ। ਇਸ ਦੌਰਾਨ ਉਹਨਾਂ ਨੇ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ।

Deputy Commissioner of District Fazilka
Deputy Commissioner of District Fazilka

By ETV Bharat Punjabi Team

Published : Dec 27, 2023, 3:20 PM IST

ਫਾਜ਼ਿਲਕਾ:ਹੱਡਾਂ ਨੂੰ ਠਾਰ ਦੇਣ ਵਾਲੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਵਿੱਚ ਬੀਤੀ ਰਾਤ 12 ਵਜੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਆਈਏਐਸ ਅਤੇ ਐਸਐਸਪੀ ਮਨਜੀਤ ਸਿੰਘ ਢੇਸੀ ਫਾਜ਼ਿਲਕਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਨਾਲ ਲੱਗਦੀਆਂ ਮੋਹਰਲੀਆਂ ਚੌਂਕੀਆਂ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੰਜਾਬ ਪੁਲਿਸ ਦੇ ਨਾਕਿਆਂ 'ਤੇ ਤਾਇਨਾਤ ਜਵਾਨਾਂ ਦਾ ਹੌਂਸਲਾ ਵਧਾਉਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਬੀਐਸਐਫ ਦੇ ਸੀਨੀਅਰ ਅਧਿਕਾਰੀ ਸ੍ਰੀ ਕੇਐਨ ਤ੍ਰਿਪਾਠੀ ਵੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਸੰਘਣੀ ਧੁੰਦ ਅਤੇ ਠੰਡ ਦੇ ਇਸ ਮੌਸਮ ਵਿੱਚ ਦੁਸ਼ਮਣ ਦੇਸ਼ ਵੱਲੋਂ ਇਸ ਪਾਸੇ ਡ੍ਰੋਨ ਰਾਹੀਂ ਨਸ਼ੇ ਭੇਜਣ ਦੀਆਂ ਕੋਸ਼ਿਸਾਂ ਵੱਧ ਜਾਂਦੀਆਂ ਹਨ ਪਰ ਜਵਾਨ ਬੁਲੰਦ ਹੌਂਸਲੇ ਅਤੇ ਆਪਣੀ ਮੁਸਤੈਦ ਨਜ਼ਰ ਨਾਲ ਦੁਸ਼ਮਣ ਦੀ ਹਰ ਨਾਪਾਕ ਹਰਕਤ ਨੂੰ ਮਾਤ ਦੇਣ ਲਈ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਜ਼ੀਰੋ ਲਾਇਨ ਤੋਂ ਲੈ ਕੇ ਕਈ ਕਿਲੋਮੀਟਰ ਪਿੱਛੇ ਤੱਕ ਬੀਐਸਐਫ ਅਤੇ ਪੰਜਾਬ ਪੁਲਿਸ ਦੀ ਕਈ ਪੜਾਵੀਂ ਸੁਰੱਖਿਆ ਪਰਤ ਹੈ, ਜਿਸ ਸਹਾਰੇ ਆਮ ਨਾਗਰਿਕ ਆਪਣੇ ਘਰਾਂ ਵਿੱਚ ਅਰਾਮ ਦੀ ਨੀਂਦ ਸੌਂ ਰਹੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਨਾਕਿਆਂ 'ਤੇ ਤਾਇਨਾਤ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਵਤਨ ਪ੍ਰਤੀ ਭਾਵਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਆਪਣੇ ਜਵਾਨਾਂ 'ਤੇ ਮਾਣ ਹੈ। ਉਨ੍ਹਾਂ ਨੇ ਇੱਕਲੇ-ਇੱਕਲੇ ਜਵਾਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਅਨੁਭਵ ਜਾਣੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰੁੱਤ ਵਿੱਚ ਤਸ਼ਕਰੀ ਦੀਆਂ ਕੋਸ਼ਿਸਾਂ ਵੱਧ ਜਾਂਦੀਆਂ ਹਨ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵੀ ਪੁਲਿਸ ਵਿਭਾਗ ਵਿਸ਼ੇਸ਼ ਚੌਕਸੀ ਰੱਖ ਰਹੀ ਹੈ ਅਤੇ ਬੀਐਸਐਫ ਨਾਲ ਮਿਲ ਕੇ ਸਰਹੱਦੀ ਖੇਤਰਾਂ ਵਿੱਚ ਹਰ ਨਿੱਕੀ ਵੱਡੀ ਹਰਕਤ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਆਪਸੀ ਤਾਲਮੇਲ ਨਾਲ ਚੌਕਸੀ ਰੱਖੀ ਜਾ ਰਹੀ ਹੈ।

ਐਸਐਸਪੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲਿਸ ਅਤੇ ਬੀਐਸਐਫ ਆਪਸੀ ਤਾਲਮੇਲ ਨਾਲ ਇੰਨ੍ਹਾਂ ਸਰਦ ਰਾਤਾਂ ਵਿੱਚ ਸਰਹੱਦੀ ਖੇਤਰਾਂ ਵਿੱਚ ਚੌਕਸੀ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡ੍ਰੋਨ ਗਤੀਵਿਧੀਆਂ 'ਤੇ ਖਾਸ ਤੌਰ 'ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਧੁੰਦ ਵਿੱਚ ਦੂਰ ਤੱਕ ਕੁੱਝ ਵੀ ਵਿਖਾਈ ਨਹੀਂ ਦਿੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਲਗਾਤਾਰ ਅਭਿਆਨ ਚੱਲ ਰਿਹਾ ਹੈ। ਧੁੰਦ ਦੇ ਮੱਦੇਨਜ਼ਰ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ। ਬਾਰਡਰ ਪੈਟਰੋਲ ਯੂਨਿਟ ਤਹਿਤ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਗਸ਼ਤ ਲਈ ਵਾਹਨ ਦਿੱਤੇ ਗਏ ਹਨ, ਜਿਸ ਨਾਲ ਟੀਮਾਂ ਸਰਹੱਦੀ ਖੇਤਰ ਵਿੱਚ ਚੌਕਸੀ ਰੱਖ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਹੀ ਦੋ ਵੱਖ-ਵੱਖ ਥਾਂਵਾਂ ਤੋਂ ਸਰਹੱਦੀ ਖੇਤਰ ਵਿਚ 6 ਕਿਲੋ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ।

ਬੀਐਸਐਫ ਦੇ ਅਧਿਕਾਰੀ ਸ੍ਰੀ ਕੇਐਨ ਤ੍ਰਿਪਾਠੀ ਨੇ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਬੀਐਸਐਫ ਵੱਲੋਂ ਡ੍ਰੋਨ ਗਤੀਵਿਧੀਆਂ ਰੋਕਣ ਲਈ ਹਰ ਪ੍ਰਕਾਰ ਦੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੀਐਸਐਫ ਅਤੇ ਪੁਲਿਸ ਨਾਲ ਸਹਿਯੋਗ ਕਰਨ ਅਤੇ ਜਿੱਥੇ ਕਿਤੇ ਵੀ ਡ੍ਰੋਨ ਗਤੀਵਿਧੀ ਦੀ ਕੋਈ ਅਵਾਜ਼ ਸੁਣਾਈ ਦੇਵੇ ਤਾਂ ਤੁਰੰਤ ਪੁਲਿਸ ਜਾਂ ਬੀਐਸਐਫ ਨੂੰ ਸੂਚਨਾ ਦਿੱਤੀ ਜਾਵੇ। ਇਸ ਮੌਕੇ ਡੀਐਸਪੀ ਸੁਬੇਗ ਸਿੰਘ ਅਤੇ ਡੀਐਸਪੀ ਅਤੁਲ ਸੋਨੀ ਵੀ ਉਨ੍ਹਾਂ ਦੇ ਨਾਲ ਸਨ।

ABOUT THE AUTHOR

...view details