ਫਾਜ਼ਿਲਕਾ : ਪਿੰਡ ਸਲੇਮਸ਼ਾਹ 'ਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਠੇਕੇਦਾਰ ਨੇ ਪੰਚਾਇਤੀ ਜ਼ਮੀਨ 'ਤੇ ਖੁੱਲ੍ਹੀ ਬੋਲੀ ਲਗਾ ਕੇ ਜ਼ਮੀਨ ਖ਼ਰੀਦੀ, ਪਰ ਰਕਮ ਦਾ ਭੁਗਤਾਨ ਕਰਨ ਮਗਰੋਂ ਵੀ ਉਸ ਨੂੰ ਜ਼ਮੀਨ 'ਤੇ ਕਬਜ਼ਾ ਨਹੀਂ ਮਿਲਿਆ।
ਨਵੇਂ ਠੇਕੇਦਾਰ ਸਾਜਨ ਕੁਮਾਰ ਨੇ ਦੱਸਿਆ ਕਿ ਉਸ ਨੇ ਗ੍ਰਾਮ ਪੰਚਾਇਤ ਸਲੇਮਸ਼ਾਹ ਤੋਂ ਪੰਚਾਇਤੀ ਜ਼ਮੀਨ 3 ਲੱਖ 64 ਹਜ਼ਾਰ ਰੁਪਏ 'ਚ 1 ਸਾਲ ਲਈ ਖ਼ਰੀਦੀ ਹੈ। ਪੁਰਾਣਾ ਠੇਕੇਦਾਰ ਜ਼ਮੀਨ ਵਿੱਚ ਪਾਣੀ ਛੱਡ ਕੇ ਬੈਠਾ ਹੈ ਅਤੇ ਪ੍ਰਸ਼ਾਸਨ ਅਤੇ ਪੰਚਾਇਤ ਉਸ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਦਿਲਵਾ ਰਹੀ। ਸਾਜਨ ਨੇ ਦੱਸਿਆ ਕਿ ਉਹ ਜ਼ਮੀਨ ਲਈ ਸਾਰੀ ਰਕਮ ਦਾ ਭੁਗਤਾਨ ਚੈਕ ਰਾਹੀਂ ਪੰਚਾਇਤ ਨੂੰ ਕਰ ਚੁੱਕਾ ਹੈ ਪਰ ਅਜੇ ਵੀ ਉਸ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਮਿਲਿਆ। ਇਸ ਕਾਰਨ ਉਸ ਨੂੰ ਝੋਨੇ ਦੀ ਫਸਲ ਲਾਉਣ 'ਚ ਦੇਰੀ ਹੋ ਰਹੀ ਹੈ। ਪੀੜਤ ਠੇਕੇਦਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡ ਦੀ ਪੰਚਾਇਤ ਕੋਲੋਂ ਜਲਦ ਤੋਂ ਜਲਦ ਜ਼ਮੀਨ ਦਾ ਠੇਕਾ ਦਵਾਉਣ ਦੀ ਮੰਗ ਕੀਤੀ ਗਈ ਹੈ।
ਪੰਚਾਇਤੀ ਜ਼ਮੀਨ ਖ਼ਰੀਦਣੀ ਪਈ ਭਾਰੀ ਇਸ ਮਾਮਲੇ ਸਬੰਧਤ ਜਾਣਕਾਰੀ ਦਿੰਦੇ ਹੋਏ ਪਿੰਡ ਸਲੇਮਸ਼ਾਹ ਦੇ ਪੰਚਾਇਤੀ ਮੈਂਬਰ ਮਹਿੰਦਰ ਲਾਲ ਨੇ ਦੱਸਿਆ ਕਿ ਵੇਚੀ ਗਈ ਜ਼ਮੀਨ ਦਾ ਪੁਰਾਣਾ ਠੇਕੇਦਾਰ ਜ਼ਮੀਨ 'ਤੇ ਕਬਜ਼ਾ ਨਹੀਂ ਛੱਡ ਰਿਹਾ। ਉਹ ਅਜੇ ਵੀ ਜ਼ਮੀਨ 'ਤੇ ਝੋਨਾ ਲਾਉਣ ਲਈ ਪਾਣੀ ਛੱਡ ਕੇ ਬੈਠਾ ਹੈ। ਮਹਿੰਦਰ ਨੇ ਦੱਸਿਆ ਕਿ ਵਾਰ-ਵਾਰ ਜ਼ਿਲ੍ਹਾ ਪੰਚਾਇਤ ਅਫਸਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੇ ਜਾਣ ਦੇ ਬਾਅਦ ਵੀ ਪੰਚਾਇਤ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਮਿਲ ਰਿਹਾ। ਜਿਸ ਦੇ ਚਲਦੇ ਨਵੇਂ ਠੇਕੇਦਾਰ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭੁਗਤਾਨ ਕੀਤੀ ਗਈ ਰਕਮ ਦਾ ਚੈਕ ਇਸ ਜ਼ਮੀਨੀ ਵਿਵਾਦ ਬਾਰੇ ਜਦ ਜ਼ਿਲ੍ਹਾ ਪੰਚਾਇਤ ਅਫਸਰ ਸੁਖਪਾਲ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਜਵਾਬ ਨਾ ਦਿੰਦੇ ਹੋਏ ਟਾਲਮਟੋਲ ਕਰਦੇ ਨਜ਼ਰ ਆਏ। ਉਨ੍ਹਾਂ ਆਖਿਆ ਕਿ ਬੋਲੀ ਕਰਤਾ ਨੇ ਜ਼ਿਲ੍ਹਾ ਪੰਚਾਇਤ ਕੋਲ ਮਹਿਜ 10 ਹਜ਼ਾਰ ਜਮਾਂ ਕਰਵਾਏ ਹਨ। ਜਦਕਿ ਕਿ ਬੋਲੀ ਕਰਤਾ ਵੱਲੋਂ ਪੂਰੀ ਰਕਮ ਦਾ ਭੁਗਤਾਨ ਚੈਕ ਰਾਹੀਂ ਕਰ ਦਿੱਤਾ ਗਿਆ ਹੈ। ਅਫਸਰ ਨੇ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਨ ਦੀ ਗੱਲ ਕਹਿ ਕੇ ਕਬਜ਼ਾ ਦਵਾਉਣ ਦੀ ਗੱਲ ਆਖੀ।