ਫਾਜ਼ਿਲਕਾ: ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਦਰਜਨਾਂ ਲੀਡਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੇ ਜ਼ਿਲ੍ਹੇ ਦੇ ਅਰਨੀਵਾਲਾ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਮਹਿੰਦਰ ਸਿੰਘ ਕਚੂਰਾ ਦੀ ਅਗਵਾਈ ਹੇਠ ਬਿਜਲੀ ਬੋਰਡ ਬਾਹਰ ਧਰਨਾ ਲਾਇਆ ਸੀ। ਮਹਿੰਦਰ ਸਿੰਘ ਕਚੂਰਾ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਲਾਲਾਬਾਦ ਤੋਂ ਚੋਣ ਲੜ ਚੁੱਕੇ ਹਨ। ਉਨ੍ਹਾਂ ਨੇ ਬਗੈਰ ਮਨਜ਼ੂਰੀ ਤੋਂ ਬਿਜਲੀ ਬੋਰਡ ਦਫ਼ਤਰ ਬਾਹਰ ਬਿਜਲੀ ਦਰਾਂ ਵਿੱਚ ਵਾਧੇ 'ਤੇ ਘਰਾਂ ਵਿੱਚੋਂ ਮੀਟਰ ਬਾਹਰ ਕੱਢਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ।
ਆਮ ਆਦਮੀ ਪਾਰਟੀ ਦੇ ਦਰਜਨਾਂ ਵਰਕਰਾਂ ਤੇ ਲੀਡਰਾਂ ਖ਼ਿਲਾਫ਼ ਮਾਮਲਾ ਦਰਜ - ਜਲਾਲਾਬਾਦ ਸਬ ਡਿਵੀਜਨ
ਆਮ ਆਦਮੀ ਪਾਰਟੀ ਦੇ ਲੀਡਰ ਨੇ ਅਰਨੀਵਾਲਾ ਵਿੱਚ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਧਰਨਾ ਪ੍ਰਦਰਸ਼ਨ ਕੀਤਾ ਸੀ। ਇਸ ਕਰਕੇ ਥਾਣਾ ਅਰਨੀਵਾਲਾ ਪੁਲਿਸ ਨੇ ਪਾਰਟੀ ਦੇ 16 ਪਛਾਤੇ ਤੇ 50 ਅਣਪਛਾਤੇ ਲੋਕਾਂ ਖ਼ਿਲਾਫ਼ ਆਫ਼ਤ ਐਕਟ ਤਹਿਤ ਕੇਸ ਦਰਜ ਕੀਤੇ ਹਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਜਲਾਲਾਬਾਦ ਸਬ ਡਿਵੀਜਨ ਦੇ ਡੀਐਸਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਵੱਲੋਂ ਬਿਨਾਂ ਮਨਜ਼ੂਰੀ ਦੇ ਅਰਨੀਵਾਲਾ ਵਿੱਚ ਬਿਜਲੀ ਦਫ਼ਤਰ ਦੇ ਅੱਗੇ ਧਰਨਾ ਪਰਦਰਸ਼ਨ ਕੀਤਾ ਗਿਆ ਸੀ, ਜਿਸ ਕਰਕੇ ਆਮ ਆਦਮੀ ਪਾਰਟੀ ਦੇ 16 ਵਰਕਰਾਂ ਦੇ ਬਾਈ ਨੇਮ ਅਤੇ 50 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਵੀ ਕੀਤਾ ਜਾਵੇਗਾ।
ਉੱਥੇ ਹੀ ਇਸ ਮਾਮਲੇ ਬਾਰੇ ਆਮ ਆਦਮੀ ਪਾਰਟੀ ਦੇ ਆਗੂ ਮਹਿੰਦਰ ਸਿੰਘ ਕਚੂਰਾ ਨੇ ਕਿਹਾ ਕਿ ਉਹ ਲੋਕਾਂ ਦੇ ਹੱਕਾਂ ਦੀ ਲੜਾਈ ਲਈ ਧਰਨਾ ਪਰਦਰਸ਼ਨ ਕਰ ਰਹੇ ਸਨ, ਜਿਸ ਵਿੱਚ ਗਰੀਬ ਵਰਗ ਦੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਆਇਆ ਰਾਸ਼ਨ ਲੌਕਡਾਉਨ ਦੇ ਦੌਰਾਨ ਠੀਕ ਵੰਡ ਨਹੀਂ ਕੀਤਾ ਗਿਆ ਅਤੇ ਉੱਥੇ ਹੀ ਗਰੀਬ ਲੋਕਾਂ ਨੂੰ ਵੱਡੇ-ਵੱਡੇ ਬਿਜਲੀ ਦੇ ਬਿਲ ਭੇਜੇ ਗਏ, ਜਿਸਦੇ ਚੱਲਦਿਆ ਉਨ੍ਹਾਂ ਵੱਲੋਂ ਇਹ ਧਰਨਾ ਪਰਦਰਸ਼ਨ ਕੀਤਾ ਗਿਆ ਸੀ ਲੇਕਿਨ ਉਨ੍ਹਾਂ ਖ਼ਿਲਾਫ਼ ਗਲਤ ਮਾਮਲਾ ਦਰਜ ਕੀਤਾ ਗਿਆ ਹੈ ਜਦੋਂ ਕਿ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਵੱਡੀ-ਵੱਡੀ ਜਨ ਸਭਾ ਵਿੱਚ ਇੱਕਠ ਕਰਦੇ ਹਨ, ਉਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਅਕਾਲੀ ਦਲ ਉੱਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਪਰਚੇ ਤੋਂ ਡਰਨ ਵਾਲੇ ਨਹੀਂ, ਕਿਹਾ ਕਿ ਆਪ ਦੀ ਸਰਕਾਰ ਆਉਣ ਉੱਤੇ ਸਭ ਦੀ ਪੋਲ ਖੋਲ੍ਹੀ ਜਾਏਗੀ ।