ਫਾਜ਼ਿਲਕਾ: ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਵੱਡੀ ਸਫ਼ਲਤਾ ਉਦੋਂ ਮਿਲੀ ਜਦੋਂ ਪਾਕਿ ਵੱਲੋਂ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ। ਪੁਲਿਸ ਨੂੰ ਇਹ ਜਾਣਕਾਰੀ ਮੁਖਬਰ ਨੇ ਦਿੱਤੀ ਸੀ ਜਿਸ ਤੋਂ ਬਾਅਦ ਸੀ.ਆਈ.ਏ ਸਟਾਫ਼ ਦੀ ਸਪੈਸ਼ਲ ਟੀਮ ਨਿਯੁਕਤ ਕੀਤੀ ਗਈ ਸੀ। 7 ਅਕਤੂਬਰ 2019 ਨੂੰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ਼ ਫਾਜ਼ਿਲਕਾ ਨੂੰ ਮੁਖਬਰ ਨੇ ਜਾਣਕਾਰੀ ਦਿੱਤੀ ਕਿ ਪਾਕਿ, ਲਹਿੰਦੇ ਪੰਜਾਬ ਵਿੱਚ ਹੈਰੋਇਨ ਦੀ ਵੱਡੀ ਖੇਪ ਭੇਜਣ ਦੀ ਤਾਕ ਵਿੱਚ ਹਨ। ਇਤਲਾਹ ਮਿਲਣ ਉੱਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਮੁਕੱਦਮਾ ਦਰਜ ਕਰ ਲਿਆ ਸੀ।
ਸੀਆਈਏ ਟੀਮ ਨੇ ਸਰਹੱਦ ਨੇੜਿਉਂ ਭਾਰਤ ਵਾਲੇ ਪਿੱਲਰ ਨੰਬਰ 242/10 ਪਾਸੇ ਸ਼ੱਕੀ ਏਰੀਆ ਵਿੱਚ ਸਰਚ ਕਰਨ ਉੱਤੇ ਸਮੱਗਲਰਾਂ ਵੱਲੋਂ ਲੁਕਾਈ ਹੋਈ 2 ਕਿਲੋ 678 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਇਹ ਹੈਰੋਇਨ ਬਦਨਾਮ ਸਮੱਗਲਰ ਮਹਿਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੀਨਿਆਂ ਵਾਲਾ ਥਾਣਾ ਵੈਰੋਕੇ ਵੱਲੋਂ ਮੰਗਵਾਈ ਗਈ ਸੀ।
ਇਸੇ ਲੜੀ ਵਿੱਚ ਸੀ.ਆਈ.ਏ ਫਾਜ਼ਿਲਕਾ ਦੀ ਟੀਮ ਵੱਲੋਂ ਅੱਗੇ ਕਾਰਵਾਈ ਕਰਦਿਆਂ 8 ਅਕਤੂਬਰ ਨੂੰ ਲਿੰਕ ਰੋਡ ਰਾਣਾ ਤੋਂ ਸਤਨਾਮ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਚੱਕ ਮਹੰਤਾ ਵਾਲਾ ਥਾਣਾ ਗੁਰੂਹਰਸਹਾਏ ਜੋ ਮਹਿਲ ਸਿੰਘ ਦਾ ਕਰੀਬੀ ਸੀ, ਨੂੰ ਕਾਬੂ ਕਰਕੇ ਉਸ ਦੇ ਕਬਜ਼ਾ ਵਿੱਚੋਂ 260 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ। ਉਸ ਨੂੰ 9 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸਤਨਾਮ ਸਿੰਘ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਦੋਸ਼ੀ ਨੇ 10 ਅਕਤੂਬਰ ਨੂੰ ਇੰਸਪੈਕਟਰ ਜਗਦੀਸ਼ ਕੁਮਾਰ ਪਾਸ ਇੰਕਸ਼ਾਫ ਕੀਤਾ ਕਿ ਕੁਝ ਹੈਰੋਇਨ ਦੀ ਖੇਪ ਜੋ ਮਹਿਲ ਸਿੰਘ ਵੱਲੋਂ ਪਿੱਲਰ ਨੰਬਰ 179 ਉੱਤੇ ਪਾਕਿਸਤਾਨੋਂ ਮੰਗਵਾ ਕੇ ਝੋਨੇ ਦੇ ਖੇਤ ਵਿੱਚ ਰੱਖੀ ਹੋਈ ਹੈ। ਜਿਸ ਨੂੰ ਉਹ ਨਿਸ਼ਾਨਦੇਹੀ ਉੱਤੇ ਬਰਾਮਦ ਕਰਵਾ ਸਕਦਾ ਹੈ।
10 ਅਕਤੂਬਰ ਨੂੰ ਜਸਵੀਰ ਸਿੰਘ ਕਪਤਾਨ ਪੁਲਿਸ ਫਾਜ਼ਿਲਕਾ ਅਤੇ ਸੀ.ਆਈ.ਏ ਸਟਾਫ਼ ਫਾਜ਼ਿਲਕਾ ਪੁਲਿਸ ਪਾਰਟੀ ਦੋਸ਼ੀ ਸਤਨਾਮ ਸਿੰਘ ਨੂੰ ਨਾਲ ਲੈ ਕੇ ਮੌਕੇ ਉੱਤੇ ਆਰਿਫ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਪੁੱਜੀ। ਇਥੇ ਬੀ.ਐਸ.ਐਫ਼ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਭਾਰਤ-ਪਾਕਿਸਤਾਨ ਹੱਦ ਪਰ ਸਾਂਝੇ ਸਰਚ ਆਪਰੇਸ਼ਨ ਤੋਂ ਝੋਨੇ ਦੇ ਖੇਤ ਵਿੱਚੋਂ 4 ਕਿਲੋ 250 ਗ੍ਰਾਮ ਹੈਰਇਨ ਹੋਰ ਬਰਾਮਦ ਕੀਤੀ। ਇਹ ਹੈਰੋਇਨ ਮਹਿਲ ਸਿੰਘ ਵੱਲੋਂ ਪਾਕਿਤਾਨ ਦੇ ਸਮੱਗਲਰਾਂ ਪਾਸੋਂ ਬਾਰਡਰ ਕਰਾਸ ਕਰਵਾ ਕੇ ਰਖਵਾਈ ਗਈ ਸੀ।