ਫ਼ਾਜ਼ਿਲਕਾ: ਜਲਾਲਾਬਾਦ ਲਾਧੁਕਾ ਏਰੀਆ ਦੇ ਪਿੰਡ ਬਕੈਨਵਾਲਾ ਵਿੱਚ ਕਿੰਨੂ ਤੋੜਨ ਜਾ ਰਹੀ ਹੈ ਇੱਕ ਲੇਬਰ ਦੀ ਗੱਡੀ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਰਦਨਾਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 15 ਜਣੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ 8 ਗੰਭੀਰ ਜ਼ਖ਼ਮੀਆਂ ਨੂੰ ਫ਼ਰੀਦਕੋਟ ਸਿਵਲ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।
ਗੱਡੀ ਵਿੱਚ ਸਵਾਰ ਜ਼ਖ਼ਮੀ ਔਰਤਾਂ ਨੇ ਦੱਸਿਆ ਕਿ ਉਹ ਪਿਕਅੱਪ ਵਿੱਚ 27-28 ਜਣੇ ਲੇਬਰ ਲਈ ਫ਼ਾਜ਼ਿਲਕਾ ਤੋਂ ਅਬੋਹਰ ਦੇ ਪਿੰਡ ਬਕੈਨਵਾਲਾ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸਾਰੇ ਜਣੇ ਹਜਾਰਾ ਰਾਮ ਸਿੰਘ ਵਾਲਾ, ਲਾਧੂਕਾ ਮੰਡੀ ਅਤੇ ਪਿੰਡ ਥੇਹ ਕਲੰਦਰ ਦੇ ਰਹਿਣ ਜਾ ਰਹੇ ਸਨ। ਅਚਾਨਕ ਪਿੰਡ ਪੰਜਕੋਸੀ ਦੇ ਕੋਲ ਉਨ੍ਹਾਂ ਦੀ ਪਿਕਅਪ ਗੱਡੀ ਪਲਟ ਗਈ। ਗੱਡੀ ਪਲਟਣ ਕਾਰਨ ਦੋ ਔਰਤਾਂ ਪ੍ਰਕਾਸ਼ ਕੌਰ ਤੇ ਸੁਖਵਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਦਕਿ ਕਈ ਜ਼ਖ਼ਮੀ ਹੋ ਗਏ। ਇੱਕ ਪੀੜਤ ਔਰਤ ਨੇ ਰੋਂਦੇ ਹੋਏ ਦੱਸਿਆ ਕਿ ਹਾਦਸੇ ਨੇ ਉਸ ਕੋਲੋਂ ਉਸਦੇ ਮੁੰਡੇ ਖੋਹ ਲਏ ਹਨ। ਉਸ ਨੂੰ ਹਸਪਤਾਲ ਵਾਲਿਆਂ ਨੇ ਦੱਸਿਆ ਕਿ ਉਸਦੇ ਮੁੰਡਿਆਂ ਦੀ ਮੌਤ ਹੋ ਗਈ ਹੈ।