ਫਾਜ਼ਿਲਕਾ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਫਾਜ਼ਿਲਕਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਜਨਸਭਾ ਨੂੰ ਵੀ ਸੰਬੋਧਿਤ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਫਾਜ਼ਿਲਕਾ ਵਿੱਚ ਬਣੇ ਨਵੇਂ ਬੱਸ ਸਟੈਂਡ ਅਤੇ 100 ਬਿਸਤਰੇ ਦੇ ਹਸਪਤਾਲ ਦਾ ਉਦਘਾਟਨ ਕੀਤਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੌਰੇ ਨੂੰ ਲੈ ਕੇ ਫਾਜ਼ਿਲਕਾ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਹੋਰ ਕਰਮਚਾਰੀ ਯੂਨੀਅਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕੱਚੇ ਅਧਿਆਪਕਾਂ ਅਤੇ ਪੁਲਿਸ ਦੇ ਵਿੱਚ ਤਣਾਅ ਵਾਲੇ ਹਾਲਤ ਵੀ ਪੈਦਾ ਹੋ ਗਏ ਸਨ। ਇਸ ਮੌਕੇ ਅਧਿਆਪਕਾਂ ਦੇ ਬੱਸ ਸਟੈਂਡ ਉਦਘਾਟਨ ਵਾਲੀ ਜਗ੍ਹਾ ਉੱਤੇ ਜਾਣ ਨੂੰ ਲੈ ਕੇ ਪੁਲਿਸ ਵੱਲੋਂ ਹਲਕੇ ਬਲ ਦਾ ਪ੍ਰਯੋਗ ਕੀਤਾ ਗਿਆ। ਇਸ ਦੌਰਾਨ ਵਿਰੋਧ ਵਜੋਂ ਕੁਝ ਅਧਿਅਪਾਕ ਟਾਵਰ ਉੱਤੇ ਵੀ ਚੜ੍ਹ ਗਏ ਜਿੰਨ੍ਹਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 2 ਕਿੱਲੋਵਾਟ ਮੀਟਰਾਂ ਦਾ 1500 ਕਰੋੜ ਰੁਪਏ ਬਿਜਲੀ ਦੇ ਬਿੱਲਾਂ ਦਾ ਮੁਆਫ਼ ਕੀਤਾ ਗਿਆ ਹੈ ਜਿਸ ਵਿੱਚ 104 ਕਰੋੜ ਰੁਪਏ ਫਾਜ਼ਿਲਕਾ ਜ਼ਿਲ੍ਹੇ ਦੇ ਮੁਆਫ਼ ਹੋਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਦਿੱਲੀ ਦੇ ਰੇਟਾਂ ਤੋਂ ਵੀ ਪੰਜਾਬ ਵਿੱਚ ਬਿਜਲੀ ਸਸਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ’ਤੇ ਸਰਕਾਰ ਨੇ ਟੈਕਸ ਮੁਆਫ਼ ਕੀਤਾ। ਚੰਨੀ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦਾ ਖਜਾਨਾ ਲੋਕਾਂ ਉੱਤੇ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਟਾ ਦਾਲ ਦੇਣ ਦੀ ਗੱਲ ਕਰਦਾ ਹੈ ਜਦੋਂ ਕਿ ਨੌਕਰੀਆਂ ਗਰੀਬਾਂ ਦੀ ਜ਼ਰੂਰਤ ਹਨ। ਇਸਦੇ ਨਾਲ ਹੀ ਉਨ੍ਹਾਂ ਕਿ ਵਿਰੋਧੀ ਪਾਰਟੀਆਂ ਦੇ ਲੀਡਰ ਵੀ ਉਨ੍ਹਾਂ ਦੀ ਰੀਸ ਕਰ ਰਹੇ ਹਨ। ਉਨ੍ਹਾਂ ਅਕਾਲੀ ਦਲ ਤੇ ਵਰ੍ਹਦੇ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ ਪੰਜਾਬ ਦੀ ਬਰਬਾਦੀ ਹੋਈ ਹੈ। ਉਨ੍ਹਾਂ ਕੈਪਟਨ ਤੇ ਨਿਸ਼ਾਨੇ ਸਾਧਦੇ ਕਿਹਾ ਕਿ ਉਨ੍ਹਾਂ ਨੇ ਅਕਾਲੀਆਂ ਦੇ ਨਾਲ ਮਿਲਕੇ ਰਾਜ ਕੀਤਾ ਹੈ ਪਰ ਹੁਣ ਪੰਜਾਬ ਦੀ ਜਨਤਾ ਦਾ ਰਾਜ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾਵੇਗੀ ਤੇ ਇਸ ਦੇ ਨਾਲ ਸਰਕਾਰੀ ਕਾਲਜ ਵਿੱਚ ਬਿਹਤਰ ਸਹੂਲਤਾਂ ਦਿੱਤੀਆ ਜਾਣਗੀਆਂ।
ਇਹ ਵੀ ਪੜ੍ਹੋ:ਚਰਨਜੀਤ ਚੰਨੀ ਦੀ ਕੋਵਿਡ ਰੀਵਿਓ ਮੀਟਿੰਗ 'ਚ ਲਏ ਗਏ ਇਹ ਅਹਿਮ ਫ਼ੈਸਲੇ