ਫ਼ਤਿਹਗੜ੍ਹ ਸਾਹਿਬ: ਬੀਤੀ 10 ਨਵੰਬਰ ਨੂੰ ਜ਼ਿਲ੍ਹਾ ਦੇ ਸੰਘੋਲ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਸੰਘੋਲ ਬ੍ਰਾਂਚ ਅੰਦਰ 2 ਅਣਪਛਾਤੇ ਵਿਅਕਤੀਆਂ ਵਲੋਂ ਬੈੰਕ 'ਚ 4 ਲੱਖ 50 ਹਜ਼ਾਰ ਦੀ ਡਕੈਤੀ ਕੀਤੀ ਗਈ। ਇਸ ਕੇਸ ਨੂੰ ਪੁਲਿਸ ਨੇ ਸੁਲਝਾਉਂਦੇ ਹੋਏ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਦਕਿ ਤੀਜਾ ਮੁਲਜ਼ਮ ਰੂਪਨਗਰ ਜ਼ਿਲ੍ਹੇ ਦੇ ਪਿੰਡ ਹਫਿਜਾਬਾਦ ਦਾ ਸਰਪੰਚ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਐਸਐਸਪੀ ਰਵਜੋਤ ਗਰੇਵਾਲ ਨੇ ਕੀਤਾ ਹੈ।
ਸਟੇਟ ਬੈਂਕ ਆਫ਼ ਇੰਡੀਆ ਸੰਘੋਲ ਦੀ ਬ੍ਰਾਂਚ 'ਚ ਹੋਈ ਸੀ ਲੁੱਟ:ਇਸ ਸਬੰਧੀ ਐਸਐਸਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਫੜੇ ਗਏ ਕਥਿਤ ਮੁਲਜ਼ਮਾਂ ਤੋਂ ਇੱਕ ਲੱਖ 25 ਹਜ਼ਾਰ ਰੁਪਏ, ਹਥਿਆਰ ਅਤੇ ਇਕ ਕਾਰ ਬਰਾਮਦ ਕੀਤੀ ਹੈ। ਐਸਐਸਪੀ ਨੇ ਦੱਸਿਆ ਕਿ ਬੀਤੇ 10 ਨਵੰਬਰ ਨੂੰ ਸਟੇਟ ਬੈਂਕ ਆਫ ਇੰਡੀਆ ਦੀ ਸੰਘੋਲ ਬਰਾਂਚ ਅੰਦਰ 2 ਅਣਪਛਾਤੇ ਵਿਅਕਤੀ ਨੇ ਬੈਂਕ ਅੰਦਰ ਦਾਖ਼ਿਲ ਹੋ ਪਹਿਲਾਂ ਬੈਂਕ ਦੇ ਸਕਿਉਰਿਟੀ ਗਾਰਡ ਹਰਜੀਤ ਸਿੰਘ ਨਾਲ ਹੱਥੋਪਾਈ ਕੀਤੀ ਅਤੇ ਉਸ ਦੀ ਰਾਈਫਲ ਖੋਹ ਕੇ ਬੈਂਕ ਵਿੱਚੋਂ ਕਰੀਬ 04 ਲੱਖ 50 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸਨ। ਪੁਲਿਸ ਨੇ ਮਾਮਲੇ ਵਿੱਚ ਫੌਰੀ ਕਾਰਵਾਈ ਕਰਦੇ ਹੋਏ ਡੀਐਸਪੀ ਖਮਾਣੋਂ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ। ਇਸ ਟੀਮ ਨੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਇਸ ਕੇਸ ਨੂੰ ਸੁਲਝਾ ਕੇ ਮੁਲਜ਼ਮਾਂ ਨੂੰ ਪੰਜ ਦਿਨਾਂ ਦੇ ਅੰਦਰ ਕਾਬੂ ਕਰ ਲਿਆ ਹੈ।