ਫਤਹਿਗੜ੍ਹ ਸਾਹਿਬ:ਪੰਜਾਬ ਵਿੱਚ ਬਰਸਾਤ ਅਜੇ ਵੀ ਲਗਾਤਾਰ ਜਾਰੀ ਹੈ, ਮੀਂਹ ਕਾਰਨ ਜਿੱਥੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਹਨ, ਉੱਥੇ ਹੀ ਇੱਥੋਂ ਲੰਘ ਰਹੇ ਸਰਹਿੰਦ ਚੋਅ ਦੇ ਕਿਨਾਰੇ ਲੱਗਦੇ ਖੇਤਾਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ। ਜਿਸਦੀ ਲਪੇਟ ਵਿੱਚ ਹਲਕਾ ਅਮਲੋਹ ਦੇ ਪਿੰਡ ਬਡਾਲੀ ਵਿੱਚੋਂ ਲੰਘ ਰਹੇ ਚੋਏ ਨਾਲ ਲੱਗਦੇ ਖੇਤਾਂ ਤੋਂ ਇਲਾਵਾ ਪਿੰਡ ਖੇੜੀ ਤੱਕ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਜਿਸ ਕਰਕੇ ਪਿੰਡ ਬਡਾਲੀ ਤੋਂ ਮੁੱਢੜੀਆ ਨੂੰ ਜਾ ਰਹੀ ਲਿੰਕ ਰੋਡ ਉੱਤੇ 4 ਫੁੱਟ ਤੋਂ ਵਧੇਰੇ ਪਾਣੀ ਭਰਨ ਕਾਰਨ ਇਹ ਮੁਕੰਮਲ ਤੌਰ ਉੱਤੇ ਬੰਦ ਹੋ ਗਈ ਹੈ।
ਸਰਪੰਚ ਨੇ ਨੁਕਸਾਨ ਬਾਰੇ ਦਿੱਤੀ ਜਾਣਕਾਰੀ:-ਇਸ ਮੌਕੇ 'ਤੇ ਪਿੰਡ ਬਡਾਲੀ ਦੇ ਸਰਪੰਚ ਜਗਬੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦੀ ਖੁਦ ਦੀ 25 ਏਕੜ ਦੇ ਕਰੀਬ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਦੇ ਨਾਲ ਹੱਦਾ ਲੱਗਣ ਵਾਲੇ ਦੂਜੇ ਪਿੰਡਾਂ ਦੀ ਵੀ ਤਕਰੀਬਨ 1500 ਏਕੜ ਤੋਂ ਵਧੇਰੇ ਝੋਨੇ ਦੀ ਫ਼ਸਲ ਇਸ ਮੀਂਹ ਦੇ ਪਾਣੀ ਦੀ ਭੇਂਟ ਚੜ੍ਹ ਗਈ ਹੈ, ਜਦੋਂ ਕਿ ਇਸ ਚੋਏ ਦੇ ਨਾਲ ਲੱਗਦੇ ਹੋਰਨਾਂ ਪਿੰਡਾਂ ਦੇ ਝੋਨੇ ਦੀ ਫ਼ਸਲ ਕਈ ਹਜ਼ਾਰ ਏਕੜ ਡੁੱਬ ਜਾਣ ਦਾ ਅਨੁਮਾਨ ਹੈ।