ਸ੍ਰੀ ਫਤਹਿਗੜ੍ਹ ਸਾਹਿਬ: ਅਨੁਸੂਚਿਤ ਜਾਤੀ ਸਮਾਜ ਦੇ ਵੱਖ ਵੱਖ ਆਗੂਆਂ ਵੱਲੋਂ ਸਾਂਝੇ ਤੌਰ ਉੱਤੇ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਵੱਲੋਂ ਸੂਬਾ ਸਰਕਾਰ ਦੇ ਨਾਮ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਮੰਗ ਕੀਤੀ ਕਿ ਅਨੁਸੂਚਿਤ ਜਾਤੀ ਲੋਕਾਂ ਉੱਪਰ ਵੱਧ ਰਹੇ ਅੱਤਿਆਚਾਰਾਂ ਨੂੰ ਰੋਕਿਆ ਜਾਵੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਨੁਸੂਚਿਤ ਜਾਤੀ ਵਰਗ ਦੇ ਗਰੀਬ ਲੋਕਾਂ ਦੀ ਸੁਣਵਾਈ ਸਹੀ ਸਮੇਂ ਕਰਨ ਲਈ ਪ੍ਰਬੰਧ ਕੀਤਾ ਜਾਵੇ ਅਤੇ ਮਜ਼ਦੂਰ ਕਿਰਤੀਆਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ।
ਲਗਾਤਾਰ ਹੋ ਰਹੇ ਹਨ ਅੱਤਿਆਚਾਰ:ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਲੋਕਾਂ ਨਾਲ ਪਿੰਡਾਂ ਦੇ ਵਿੱਚ ਜਾਤੀ ਵਿਤਕਰੇ, ਜਾਤੀ ਅੱਤਿਆਚਾਰਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਗਰੀਬ ਲੋਕਾਂ ਦੀ ਸੁਣਵਾਈ ਸਮਾਂ ਰਹਿੰਦੇ ਨਾ ਕਰਨ ਕਰਕੇ ਅਨੁਸੂਚਿਤ ਜਾਤੀ ਗਰੀਬ ਲੋਕਾਂ ਦੇ ਉਪਰ ਤਸ਼ੱਦਦ ਢਾਹੁਣ ਵਾਲਿਆਂ ਦੇ ਹੌਂਸਲੇ ਵੱਧਦੇ ਜਾ ਰਹੇ ਹਨ। ਜਿਵੇਂ ਕਿ ਪਟਿਆਲਾ ਦੇ ਬਲਵੇੜਾ ਵਿੱਚ 11 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ, ਮਲੇਰਕੋਟਲਾ ਦੇ ਮੋਰਾਂਵਾਲੀ ਪਿੰਡ ਵਿੱਚ 13 ਸਾਲਾਂ ਮਾਸੂਮ ਬੱਚੇ ਨੂੰ ਕੋਹ ਕੋਹ ਕੇ ਕੁੱਟਣਾ, ਸੰਗਰੂਰ ਦੇ ਪਿੰਡ ਗੁੱਜਰਾਂ ਵਿੱਚ ਬੱਕਰੀਆਂ ਚਾਰਨ ਵਾਲੇ ਮਜ਼ਦੂਰ ਦਾ ਕੁੱਟ-ਕੁੱਟ ਕੇ ਕਤਲ ਕਰਨਾ ਅਤੇ ਸੰਗਰੂਰ ਦੇ ਸੁਨਾਮ ਦੇ ਪਿੰਡ ਜਗਤਪੁਰਾ ਵਿੱਚ ਨਸ਼ਿਆਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਅਨੁਸੂਚਿਤ ਜਾਤੀ ਸਮਾਜ ਦੇ ਨੌਜਵਾਨਾਂ ਦੀਆਂ ਲੱਤਾਂ ਤੋੜਨ ਦੀ ਘਟਨਾ। ਸਾਰੇ ਮੁਲਜ਼ਮਾਂ ਦਾ ਅਜੇ ਤੱਕ ਗ੍ਰਿਫਤਾਰ ਨਾ ਕਰਿਆ ਜਾਣਾ।