ਮੁਲਜ਼ਮ ਨੇ ਇੰਸ਼ੋਰੈਂਸ ਏਜੰਟ ਨਾਲ ਰਲ਼ ਕੇ ਰਚਿਆ ਮੌਤ ਦਾ ਡਰਾਮਾ ਫ਼ਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਵਿੱਚ ਫਿਲਮੀ ਅੰਦਾਜ਼ 'ਚ ਕਤਲ ਕਰ ਕੇ ਕਰੋੜਾਂ ਰੁਪਏ ਦੇ ਬੀਮੇ ਦੀ ਰਾਸ਼ੀ ਵਿਅਕਤੀ ਵੱਲੋਂ ਹਾਸਲ ਕੀਤੀ ਗਈ ਹੈ। ਮੁਲਜ਼ਮ ਨੇ ਪਹਿਲਾਂ ਵਿਅਕਤੀ ਨੂੰ ਸ਼ਰਾਬ ਵਿੱਚ ਦਵਾਈ ਦਿੱਤੀ ਗਈ, ਜਦੋਂ ਉਹ ਬੇਹੋਸ਼ ਸੀ ਤਾਂ ਉਸਨੂੰ ਰਾਜਪੁਰਾ ਲਿਜਾ ਕੇ ਟਰੱਕ ਨਾਲ ਦਰੜ ਦਿੱਤਾ ਗਿਆ। ਕਤਲ ਨੂੰ ਸੜਕ ਹਾਦਸੇ ਦਾ ਮਾਮਲਾ ਬਣਾ ਕੇ ਥਾਣੇ ਵਿੱਚ ਕੇਸ ਦਰਜ ਕਰਵਾਇਆ ਗਿਆ। ਪੁਲਿਸ ਨੇ ਇਸ ਕਤਲ ਦੀ ਗੁੱਥੀ ਸੁਲਝਾਕੇ। ਇਸ 'ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਮ੍ਰਿਤਕ ਸੁਖਜੀਤ ਦੀ ਪਤਨੀ ਨੇ ਲਿਖਵਾਈ ਸੀ ਗੁਮਸ਼ੁਦਗੀ ਦੀ ਰਿਪੋਰਟ :ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸਾਨੀਪੁਰ ਦੀ ਰਹਿਣ ਵਾਲੀ ਜੀਵਨਦੀਪ ਕੌਰ ਦਾ ਪਤੀ ਸੁਖਜੀਤ ਸਿੰਘ 19 ਜੂਨ ਨੂੰ ਘਰੋਂ ਸ਼ਰਾਬ ਪੀਣ ਲਈ ਠੇਕੇ ਉਤੇ ਗਿਆ ਸੀ। ਇਸਤੋਂ ਬਾਅਦ ਸੁਖਜੀਤ ਵਾਪਸ ਨਹੀਂ ਪਰਤਿਆ। ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਸਰਹਿੰਦ ਵਿਖੇ ਦਰਜ ਕਰਵਾਈ ਗਈ ਸੀ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸੁਖਜੀਤ ਸਿੰਘ ਦਾ ਮੋਟਰਸਾਈਕਲ ਅਤੇ ਚੱਪਲਾਂ ਪਟਿਆਲਾ ਰੋਡ ’ਤੇ ਨਹਿਰ ਕੋਲੋਂ ਬਰਾਮਦ ਹੋਈਆਂ। ਇੱਥੋਂ ਖੁਦਕੁਸ਼ੀ ਦੀ ਸੰਭਾਵਨਾ ਹੋਈ, ਪਰ ਜਦੋਂ ਸੁਖਜੀਤ ਸਿੰਘ ਦਾ ਮੋਬਾਈਲ ਇਸ ਥਾਂ ਤੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਜ਼ਮੀਨ ਵਿੱਚ ਦੱਬਿਆ ਮਿਲਿਆ ਤਾਂ ਪੁਲਿਸ ਦਾ ਸ਼ੱਕ ਵਧ ਗਿਆ। ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ।
ਮੁਲਜ਼ਮ ਨੇ ਸੁਖਜੀਤ ਨੂੰ ਦੋਸਤ ਬਣਾ ਕੇ ਪਹਿਲਾਂ ਸ਼ਰਾਬ ਪਿਆਈ, ਫਿਰ ਕੀਤਾ ਕਤਲ :ਡੀਐਸਪੀ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਸੁਖਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ, ਪਰ ਉਹ ਅਕਸਰ ਠੇਕੇ ਤੋਂ ਸ਼ਰਾਬ ਲਿਆ ਕੇ ਆਪਣੇ ਘਰ ਹੀ ਪੀਂਦਾ ਸੀ। ਸੁਖਜੀਤ ਦੀ ਕੁਝ ਦਿਨਾਂ ਤੋਂ ਰਾਮਦਾਸ ਨਗਰ ਸਾਨੀਪੁਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਲ ਦੋਸਤੀ ਹੋਈ ਸੀ। ਗੁਰਪ੍ਰੀਤ ਸਿੰਘ ਸੁਖਜੀਤ ਨੂੰ ਆਪਣੇ ਪੈਸਿਆਂ ਨਾਲ ਸ਼ਰਾਬ ਪਿਲਾਉਂਦਾ ਸੀ। 19 ਜੂਨ ਨੂੰ ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਖੁਸ਼ਦੀਪ ਕੌਰ, ਦੋਸਤ ਸੁਖਵਿੰਦਰ ਸਿੰਘ ਸੰਘਾ ਨੂੰ ਇਕੱਠੇ ਦੇਖਿਆ ਗਿਆ, ਜਦੋਂ ਜਾਂਚ ਅੱਗੇ ਵਧੀ ਤਾਂ ਪਤਾ ਲੱਗਾ ਕਿ 20 ਜੂਨ ਨੂੰ ਗੁਰਪ੍ਰੀਤ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਦਾਅਵਾ ਕਰਦੇ ਹੋਏ ਥਾਣਾ ਰਾਜਪੁਰਾ ਵਿਖੇ ਦੁਰਘਟਨਾ ਦਾ ਮਾਮਲਾ ਦਰਜ ਕਰਾਇਆ ਗਿਆ ਸੀ। ਰਾਜਪੁਰਾ ਪੁਲਿਸ ਨੂੰ ਇੱਕ ਬੁਰੀ ਤਰ੍ਹਾਂ ਨਾਲ ਕੁਚਲੀ ਹੋਈ ਲਾਸ਼ ਮਿਲੀ ਸੀ, ਜਿਸਦੀ ਪਛਾਣ ਖੁਸ਼ਦੀਪ ਕੌਰ ਨੇ ਆਪਣੇ ਪਤੀ ਗੁਰਪ੍ਰੀਤ ਸਿੰਘ ਵਜੋਂ ਕੀਤੀ ਸੀ। ਸੜਕ ਹਾਦਸੇ ਦਾ ਮਾਮਲਾ ਦਰਜ ਕਰ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ ਸੀ।
ਗੁਰਪ੍ਰੀਤ ਨੇ ਵਪਾਰ ਵਿੱਚ ਘਾਟਾ ਪੈਣ ਕਾਰਨ ਬਣਾਈ ਬੀਮੇ ਦੀ ਯੋਜਨਾ :ਕਹਾਣੀ ਵਿੱਚ ਮੋੜ ਉਦੋਂ ਆਇਆ ਜਦੋਂ ਗੁਰਪ੍ਰੀਤ ਸਿੰਘ ਜ਼ਿੰਦਾ ਮਿਲਿਆ। ਫਤਹਿਗੜ੍ਹ ਸਾਹਿਬ ਪੁਲਿਸ ਨੇ ਹਿਊਮਨ ਇੰਟੈਲੀਜੈਂਸ, ਤਕਨੀਕੀ ਸਾਧਨਾਂ ਅਤੇ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਜਾਂਚ ਨੂੰ ਅੱਗੇ ਵਧਾਇਆ। ਇਹ ਗੱਲ ਸਾਹਮਣੇ ਆਈ ਕਿ ਗੁਰਪ੍ਰੀਤ ਸਿੰਘ, ਜੋ ਕਿ ਹਲਦੀ ਰਾਮ ਐਂਡ ਕੰਪਨੀ ਦਾ ਥੋਕ ਵਿਕਰੇਤਾ ਹੈ। ਉਸਨੂੰ ਕਾਰੋਬਾਰ ਵਿੱਚ ਘਾਟਾ ਪਿਆ, ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਕੁਝ ਮਹੀਨਿਆਂ ਤੋਂ ਗਲਤ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਗੁਰਪ੍ਰੀਤ ਦਾ ਦੋਸਤ ਰਾਜੇਸ਼ ਕੁਮਾਰ ਸ਼ਰਮਾ ਜੋ ਕਿ ਫਤਹਿਗੜ੍ਹ ਸਾਹਿਬ ਕਚਹਿਰੀ ਵਿੱਚ ਫੋਟੋ ਸਟੇਟ ਦਾ ਕੰਮ ਕਰਦਾ ਹੈ ਅਤੇ ਅਣ-ਅਧਿਕਾਰਤ ਤੌਰ 'ਤੇ ਬੀਮਾ ਪਾਲਿਸੀ ਵੀ ਕਰਦਾ ਹੈ। ਗੁਰਪ੍ਰੀਤ ਨੇ ਰਾਜੇਸ਼ ਸ਼ਰਮਾ ਨਾਲ ਗੱਲ ਕੀਤੀ।
ਬੀਮਾ ਹੋਣ ਮਗਰੋਂ ਬਣਾਈ ਸੁਖਜੀਤ ਦੇ ਕਤਲ ਦੀ ਯੋਜਨਾ :ਗੁਰਪ੍ਰੀਤ ਸਿੰਘ ਨੇ ਰਾਜੇਸ਼ ਤੋਂ 4 ਕਰੋੜ ਰੁਪਏ ਦਾ ਦੁਰਘਟਨਾ ਬੀਮਾ ਕਰਵਾਇਆ। ਰਾਜੇਸ਼ ਨੇ ਉਸ ਨੂੰ ਦੱਸਿਆ ਕਿ ਮੌਤ ਦੇ ਸਰਟੀਫਿਕੇਟ ਅਤੇ ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਸਾਰੀ ਰਕਮ ਵਾਰਸਾਂ ਨੂੰ ਮਿਲੇਗੀ। ਇਸ ਤੋਂ ਬਾਅਦ ਸੁਖਜੀਤ ਸਿੰਘ ਦੇ ਕਤਲ ਦੀ ਯੋਜਨਾ ਬਣਾਈ ਗਈ। ਸੁਖਜੀਤ ਸਿੰਘ ਨੂੰ ਰਾਜਪੁਰਾ ਲਿਜਾਇਆ ਗਿਆ ਅਤੇ ਉਸ ਦੇ ਸਿਰ ਅਤੇ ਚਿਹਰੇ 'ਤੇ ਦੋ ਵਾਰ ਟਰੱਕ ਚੜ੍ਹਾਇਆ ਗਿਆ। ਫਤਿਹਗੜ੍ਹ ਸਾਹਿਬ ਪੁਲਿਸ ਨੇ ਇਸ ਕਤਲ ਕੇਸ ਵਿੱਚ ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਖੁਸ਼ਦੀਪ ਕੌਰ, ਸੁਖਵਿੰਦਰ ਸਿੰਘ ਸੰਘਾ, ਜਸਪਾਲ ਸਿੰਘ, ਦਿਨੇਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਰਦਾਤ ਵਿੱਚ ਵਰਤੇ ਗਏ ਟਰੱਕ, ਕਾਰਾਂ ਅਤੇ ਮੋਟਰਸਾਈਕਲ ਬਰਾਮਦ ਕੀਤੇ ਹਨ।
ਸ਼ਰਾਬ ਵਿੱਚ 30 ਐਮਜੀ ਮੌਰਫਿਨ ਪਿਆ ਕੇ ਕੀਤਾ ਬੇਹੋਸ਼ :ਸੁਖਜੀਤ ਸਿੰਘ ਨੂੰ ਪਹਿਲਾਂ ਸ਼ਰਾਬ ਪਿਲਾਈ ਗਈ। ਮੌਰਫਿਨ ਦਵਾਈ (30mg) ਸ਼ਰਾਬ ਦੇ ਨਾਲ ਦਿੱਤੀ ਗਈ ਸੀ। ਇਹ ਦਵਾਈ ਕੈਂਸਰ ਦੇ ਮਰੀਜ਼ਾਂ ਨੂੰ ਅਸਹਿਣਯੋਗ ਦਰਦ ਤੋਂ ਰਾਹਤ ਲਈ ਦਿੱਤੀ ਜਾਂਦੀ ਹੈ। ਇਹ ਦਵਾਈ ਵੱਡੇ ਹਸਪਤਾਲਾਂ ਦੇ ਸਰਜਨ ਵੀ ਬੜੀ ਮੁਸ਼ਕਲ ਨਾਲ ਉਪਲਬਧ ਕਰਵਾ ਸਕਦੇ ਹਨ। ਇਹਨਾਂ ਕੋਲ ਇਹ ਦਵਾਈ ਕਿਵੇਂ ਆਈ ਇਹ ਵੀ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ। ਸ਼ਰਾਬ ਪੀਣ ਮਗਰੋਂ ਸੁਖਜੀਤ ਸਿੰਘ ਹੋਸ਼ ਗੁਆ ਬੈਠਾ। ਦਿਨੇਸ਼ ਕੁਮਾਰ ਅਤੇ ਸੁਖਵਿੰਦਰ ਸਿੰਘ ਉਸਨੂੰ ਬਲੀਨੋ ਕਾਰ ਵਿੱਚ ਰਾਜਪੁਰਾ ਲੈ ਗਏ। ਉਥੇ ਸੁਖਜੀਤ ਸਿੰਘ ਨੂੰ ਕਾਰ ਤੋਂ ਉਤਾਰ ਕੇ ਟਰੱਕ ਦੇ ਪਿਛਲੇ ਟਾਇਰਾਂ ਅੱਗੇ ਲੇਟਾ ਦਿੱਤਾ ਗਿਆ। ਜਸਪਾਲ ਸਿੰਘ ਨੇ ਟਰੱਕ ਨਾਲ ਦੋ ਵਾਰ ਸੁਖਜੀਤ ਸਿੰਘ ਦੇ ਸਿਰ ਅਤੇ ਚਿਹਰੇ ਨੂੰ ਦਰੜਿਆ। ਕਤਲ ਦੀ ਯੋਜਨਾ 10 ਮਹੀਨਿਆਂ ਤੋਂ ਸ਼ੁਰੂ ਹੋ ਗਈ ਸੀ।
ਸੁਖਜੀਤ ਤੋਂ ਪਹਿਲਾਂ 2 ਹੋਰ ਵਿਅਕਤੀ ਸੀ ਮੁਲਜ਼ਮਾਂ ਦੇ ਨਿਸ਼ਾਨੇ ਉਤੇ :ਮੁਲਜ਼ਮਾਂ ਨੇ 4 ਕਰੋੜ ਰੁਪਏ ਦਾ ਬੀਮਾ ਆਪਸ ਵਿੱਚ ਵੰਡਣਾ ਸੀ। 2 ਕਰੋੜ ਰੁਪਏ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਖੁਸ਼ਦੀਪ ਕੌਰ ਨੇ ਰੱਖਣੇ ਸਨ। ਸੁਖਵਿੰਦਰ ਸਿੰਘ ਸੰਘਾ ਨੇ 2 ਕਰੋੜ ਰੁਪਏ ਲੈਣੇ ਸੀ। ਸੰਘਾ ਦੇ 2 ਕਰੋੜ ਵਿੱਚੋਂ 20 ਲੱਖ ਰਾਜੇਸ਼ ਕੁਮਾਰ, 10 ਲੱਖ ਦਿਨੇਸ਼ ਕੁਮਾਰ ਅਤੇ 20 ਲੱਖ ਜਸਪਾਲ ਸਿੰਘ ਵਗੈਰਾ ਨੂੰ ਦੇਣੇ ਸੀ। ਸੁਖਜੀਤ ਸਿੰਘ ਦੇ ਕਤਲ ਤੋਂ ਪਹਿਲਾਂ ਦੋ ਹੋਰ ਵਿਅਕਤੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਮੋਹਾਲੀ ਦੇ ਕਪਿਲ ਅਤੇ ਪਟਿਆਲਾ ਦੇ ਕਮਲਦੀਪ ਸਿੰਘ ਨੂੰ ਨਿਸ਼ਾਨਾ ਬਣਾਇਆ ਸੀ, ਪਰ ਕਪਿਲ ਦੀ ਬਾਂਹ 'ਤੇ ਬਣੇ ਟੈਟੂ ਕਾਰਨ ਉਸ ਉਤੇ ਵਿਓਂਤ ਨਹੀਂ ਚੱਲ ਸਕਦੀ ਸੀ, ਕਿਉਂਕਿ ਉਸਦੀ ਪਛਾਣ ਗੁਰਪ੍ਰੀਤ ਵਜੋਂ ਨਹੀਂ ਹੋਣੀ ਸੀ। ਕਮਲਦੀਪ ਦੇ ਸਰੀਰ ਦੀ ਬਣਤਰ ਗੁਰਪ੍ਰੀਤ ਵਰਗੀ ਨਹੀਂ ਸੀ। ਇਸੇ ਲਈ ਉਸਨੂੰ ਵੀ ਮਾਰਨ ਦੀ ਯੋਜਨਾ ਅੱਧ ਵਿਚਾਲੇ ਹੀ ਛੱਡ ਦਿੱਤੀ ਗਈ। ਗੁਰਪ੍ਰੀਤ ਦੇ ਦੋ ਸਾਥੀ, ਜਿਨ੍ਹਾਂ ਦੀ ਮਦਦ ਨਾਲ ਇਨ੍ਹਾਂ ਲੋਕਾਂ ਦੀ ਪਛਾਣ ਕੀਤੀ ਗਈ ਸੀ, ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ।