ਫ਼ਤਹਿਗੜ੍ਹ ਸਾਹਿਬ :ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਅੱਗੇ ਧਰਨਾ ਦੇ ਰਹੇ ਵਿਦਿਆਰਥੀ ਇਨਸਾਫ਼ ਮੋਰਚਾ ਦੇ ਆਗੂਆਂ ਵਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਵਿੱਚ ਉਹਨਾਂ ਵਲੋਂ ਧਰਨੇ ਦੀ ਅਗਲੀ ਰੂਪਰੇਖਾ ਬਾਰੇ (Students sit in front of Desh Bhagat University Amloh) ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਵਿਦਿਆਰਥੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 21 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ-ਅਮਲੋਹ ਰੋਡ ਪੱਕੇ ਤੌਰ ਉੱਤੇ ਜਾਮ ਕੀਤਾ ਜਾਵੇਗਾ।
ਅਮਲੋਹ ਗੋਬਿੰਦਗੜ੍ਹ ਰੋਡ ਜਾਮ ਕੀਤਾ ਜਾਵੇਗਾ :ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਥੇਦਾਰ ਲਖਬੀਰ ਸਿੰਘ ਖਾਲਸਾ ਨੇ ਕਿਹਾ ਕਿ ਯੂਨੀਵਰਸਿਟੀ ਮਨੇਜਮੈਂਟ ਵਲੋਂ ਮੈਡੀਕਲ ਦੇ ਵਿਦਿਆਰਥੀਆਂ ਨਾਲ ਜੋ ਕਥਿਤ ਤੌਰ ਤੇ ਧੋਖਾ ਕੀਤਾ ਗਿਆ ਹੈ, ਜੇ ਉਹਨਾਂ ਦਾ ਹੱਕ ਤੇ ਇਨਸਾਫ ਕੱਲ ਸ਼ਾਮ ਤੱਕ ਨਹੀਂ ਦਿੱਤਾ ਗਿਆ ਤਾਂ 21 ਸਤੰਬਰ ਨੂੰ ਵਿਦਿਆਰਥੀਆਂ ਦੇ ਹੱਕਾਂ ਵਿੱਚ ਅਮਲੋਹ ਗੋਬਿੰਦਗੜ੍ਹ ਰੋਡ ਜਾਮ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਮਨੇਜਮੈਂਟ ਵੱਲੋਂ 13 ਸਤੰਬਰ ਨੂੰ ਯੂਨੀਵਰਸਿਟੀ ਆਪ ਬੰਦ ਕੀਤੀ ਹੈ ਨਾ ਕਿ ਇਸ ਨੂੰ ਇਨਸਾਫ ਮੋਰਚੇ ਨੇ ਬੰਦ ਕਰਵਾਇਆ।