ਸ੍ਰੀ ਫਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਕਾਰਨ ਲੱਗੀ ਤਾਲਾਬੰਦੀ ਕਰਕੇ ਦੇਸ਼ ਭਰ ਵਿੱਚ ਵੱਡੇ ਤੋਂ ਲੈ ਕੇ ਛੋਟੇ ਕਾਰੋਬਾਰਾਂ 'ਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ, ਕਿਉਂਕਿ ਇਸ ਦੌਰਾਨ ਸਾਰੇ ਕੰਮਕਾਰ ਬੰਦ ਰਹੇ। ਇੱਕ ਪਾਸੇ ਜਿੱਥੇ ਵੱਡੇ ਉਦਯੋਗ ਬੰਦ ਰਹੇ, ਉੱਥੇ ਹੀ ਦੂਜੇ ਪਾਸੇ ਖਾਣ-ਪੀਣ ਦੀਆਂ ਲੱਗੀਆਂ ਰੇਹੜੀਆਂ ਵੀ ਨਹੀਂ ਲੱਗ ਸਕੀਆਂ। ਇਸ ਦੌਰਾਨ ਰੇਹੜੀ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਹੁਣ ਸਰਕਾਰ ਵੱਲੋਂ ਅਨਲੌਕ ਦੀ ਪ੍ਰਕਿਰਿਆ ਤਹਿਤ ਮਿਲਿਆਂ ਰਿਆਇਤਾਂ ਵਿੱਚ ਰੇਹੜੀ ਫੜੀ ਵਾਲਿਆਂ ਨੂੰ ਵੀ ਆਪਣੇ ਕੰਮ 'ਤੇ ਮੁੜ ਪਰਤਣ ਦੀ ਇਜਾਜ਼ਤ ਮਿਲ ਗਈ ਹੈ।
ਇਜਾਜ਼ਤ ਮਿਲਣ ਕਰਕੇ ਰੇਹੜੀ ਵਾਲਿਆਂ ਦੀ ਅੱਧੀ ਪਰੇਸ਼ਾਨੀ ਦੂਰ ਹੋ ਗਈ ਹੈ। ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ ਵਿੱਚ ਹੁਣ ਮੁਸ਼ਕਲ ਨਹੀਂ ਹੋ ਰਹੀ ਹੈ। ਰੇਹੜੀ ਫੜੀ ਵਾਲਿਆਂ ਦਾ ਕੰਮ ਤਾਂ ਸ਼ੁਰੂ ਹੋ ਗਿਆ ਹੈ ਪਰ ਸਟ੍ਰੀਟ ਫ਼ੂਡ ਖਾਣ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਕਿਤੇ ਘੱਟ ਹੈ।
ਉੱਥੇ ਹੀ ਦੂਜੇ ਪਾਸੇ ਰੇਹੜੀਆਂ ਵਾਲੇ ਕੋਰੋਨਾ ਦੀਆਂ ਹਿਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਕਈ ਲੋਕ ਰੇਹੜੀਆਂ 'ਤੇ ਜਾਣ ਤੋਂ ਗੁਰੇਜ਼ ਵੀ ਕਰ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਹਰਿੰਦਰ ਸਿੰਘ ਤੂਰ ਨੇ ਕਿਹਾ ਕਿ ਸਰਕਾਰ ਵੱਲੋਂ ਰੇਹੜੀ ਲਗਾਉਣ ਦੀ ਇਜਾਜ਼ਤ ਤਾਂ ਦੇ ਦਿੱਤੀ ਗਈ ਹੈ ਪਰ ਰੇਹੜੀ ਲਗਾਉਣ ਵਾਲਿਆਂ ਵੱਲੋਂ ਕੋਰੋਨਾ ਤੋਂ ਬਚਣ ਸਬੰਧੀ ਇਹਤਿਆਤ ਨਹੀਂ ਵਰਤੇ ਜਾ ਰਹੇ।
ਇਸ ਸਬੰਧੀ ਡਾ. ਅਮਿਤ ਸੰਦਲ ਨੇ ਕਿਹਾ ਕਿ ਹਾਲੇ ਕੋਰੋਨਾ ਦਾ ਖ਼ਤਰਾ ਟਲਿਆ ਨਹੀਂ ਹੈ, ਸਾਨੂੰ ਇਹਤਿਆਤ ਵਰਤਣ ਦੀ ਲੋੜ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਹਾਲੇ ਬਾਹਰਲਾ ਖਾਣਾ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ। ਉਨ੍ਹਾਂ ਨੇ ਰੇਹੜੀ ਲਗਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ।
ਜਦੋਂ ਇਸ ਬਾਰੇ ਐਸਡੀਐਮ ਆਨੰਦ ਸਾਗਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪੱਲਾ ਝਾੜਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਹਨ ਤੇ ਨਾਲ ਹੀ ਬਜ਼ੁਰਗਾਂ ਨੂੰ ਵੀ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਹੈ।