ਫਤਹਿਗੜ੍ਹ ਸਾਹਿਬ:ਖੰਨਾ ਵਿਖੇ ਆਮ ਆਦਮੀ ਪਾਰਟੀ ਦੇ ਸੱਤ ਆਗੂਆਂ ਨੂੰ ਜਬਰੀ ਵਸੂਲੀ ਦੇ ਕੇਸ ਵਿੱਚ ਗ੍ਰਿਫ਼ਤਾਰ ਕਰਨ ਦੇ ਮਾਮਲੇ ਵਿੱਚ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵਿੱਚ ਰਿਸ਼ਵਤਖੋਰ ਬਖਸ਼ੇ ਨਹੀਂ ਜਾਣਗੇ। ਆਮ ਆਦਮੀ ਪਾਰਟੀ ਦੀ ਨੀਂਹ ਭ੍ਰਿਸ਼ਟਾਚਾਰ ਦੇ ਵਿਰੋਧ ਚ ਰੱਖੀ ਗਈ ਸੀ। ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਹੋਵੇਗਾ।
ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਕਿਹਾ ਸੀ ਕਿ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਮੰਤਰੀ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਜੇਲ੍ਹ ਭੇਜਿਆ ਸੀ। ਇਸੇ ਤਰ੍ਹਾਂ ਹੇਠਲੇ ਪੱਧਰ ਉਪਰ ਵੀ ਰਿਸ਼ਵਤ ਦੇ ਖ਼ਿਲਾਫ ਲਗਾਤਾਰ ਜੰਗ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਰਿਸ਼ਵਤਖੋਰਾਂ ਨੂੰ ਨਹੀਂ ਬਖਸ਼ੇਗੀ। ਉਹਨਾਂ ਦੇ ਹਲਕੇ ਵਿੱਚ ਜਿਹੜੇ ਪਾਰਟੀ ਦੇ ਆਗੂ ਕਾਨੂੰਨ ਦੇ ਸ਼ਿਕੰਜੇ ਚ ਆਏ ਹਨ, ਉਹਨਾਂ ਦੀਆਂ ਪਹਿਲਾਂ ਵੀ ਛੋਟੀਆਂ ਛੋਟੀਆਂ ਸ਼ਿਕਾਇਤਾਂ ਆਈਆਂ ਸੀ ਪ੍ਰੰਤੂ ਹੁਣ ਇਹ ਆਗੂ ਪ੍ਰਸ਼ਾਸਨ ਦੇ ਟ੍ਰੈਪ ਵਿੱਚ ਫਸ ਗਏ ਹਨ।