ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਝੋਨੇ ਦੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਮੰਡੀ ਵਿੱਚ ਪੁਖ਼ਤਾ ਪ੍ਰਬੰਧਾਂ ਦੀ ਗੱਲ ਆਖ ਰਿਹਾ ਹੈ। ਇੱਥੋ ਦੇ ਦਾਣਾ ਮੰਡੀ ਸਰਹਿੰਦ ਵਿਖੇ ਜ਼ਿਲ੍ਹਾ ਪ੍ਰੀਸ਼ਦ ਬਲਜੀਤ ਸਿੰਘ ਭੁੱਟਾ ਦਾਣਾ ਮੰਡੀ ਵਿੱਚ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਗਏ। ਉਨ੍ਹਾਂ ਕਿਹਾ ਕਿ ਇੱਥੇ ਕੋਈ ਪੁਖ਼ਤਾ ਪ੍ਰਬੰਧ ਵੇਖਣ ਨੂੰ ਨਹੀਂ ਮਿਲੇ।
ਮੰਡੀ ਦੀਆਂ ਇਹ ਤਸਵੀਰਾਂ ਸਰਕਾਰ ਦੇ ਪੁਖ਼ਤਾ ਪ੍ਰਬੰਧਾਂ ਦੇ ਦਾਅਵਿਆਂ ਨੂੰ ਖੋਖਲਾ ਸਾਬਤ ਕਰ ਰਹੀ ਹੈ ਕਿਉਂਕਿ ਮੰਡੀ ਵਿੱਚ ਥਾਂ-ਥਾਂ ਪਾਣੀ ਖੜ੍ਹਾ ਹੈ ਤੇ ਸੜਕਾਂ ਟੁੱਟੀਆਂ ਹਨ। ਇਨ੍ਹਾਂ ਹੀ ਨਹੀਂ, ਗੰਦਗੀ ਦੇ ਢੇਰ ਵੀ ਥਾਂ-ਥਾਂ ਲੱਗੇ ਹੋਏ ਹਨ। ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਪਹੁੰਚੇ।
ਇਸ ਮੌਕੇ ਭੁੱਟਾਂ ਨੇ ਈਟੀਵੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਮੰਡੀ ਦੇ ਪੁਖ਼ਤਾ ਪ੍ਰਬੰਧਾਂ ਦੀ ਗੱਲ ਕਰ ਰਿਹਾ ਹੈ, ਪਰ ਵੇਖਣ ਦੇ ਵਿੱਚ ਪਤਾ ਚੱਲਦਾ ਹੈ ਕਿ ਇੱਥੇ ਕੋਈ ਪ੍ਰਬੰਧ ਨਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਹੈ। ਸਰਹਿੰਦ ਦੀ ਦਾਣਾ ਮੰਡੀ ਦੇ ਵਿੱਚ ਕਣਕ ਸਟੋਰ ਕੀਤੀ ਗਈ ਸੀ, ਜੋ ਮੀਂਹ ਪੈਣ ਦੇ ਨਾਲ ਖ਼ਰਾਬ ਹੋ ਚੁੱਕੀ ਹੈ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ।